Jeevan Sakhi

ੴ ਸਤਿਗੁਰ ਪ੍ਰਸਾਦਿ ॥
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥
ਬ੍ਰਹਮ ਗਿਆਨੀ ਕਾ ਬਡ ਪਰਤਾਪ ॥

ਸ਼੍ਰੀਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਸਿੰਘ ਜੀ
ਪਿੰਡ: ਬਿਹਾਲਾ, ਜ਼ਿਲ਼੍ਹਾ: ਹੁਸ਼ਿਆਰਪੁਰ (ਪੰਜਾਬ)


ਤੱਤਕਰਾ

1. ਪੁਸਤਕ ਲਿਖਣ ਦੀ ਪ੍ਰੇਰਣਾ
2. ਗੇਰੇ ਵਾਲੇ ਸੰਤਾਂ ਦੇ ਬਚਨ
3. ਜਨਮ ਤੇ ਪੁਸ਼ਤਨਾਮਾ
4. ਬੀਬੀ ਜੀਵੇ ਸ਼ਾਹ ਜੀ ਦਾ ਬਿਹਾਲੇ ਆਉਣਾ
5. ਸਾਧ ਕੀ ਮਹਿਮਾ
6. ਜੈਤੋ ਦਾ ਮੋਰਚਾ ,ਅਰਦਾਸ ਤੇ ਸੰਗਰਾਂਦ ਦੀ ਮਰਿਆਦਾ
7. ਸੰਤ ਬਾਬਾ ਹੀਰਾ ਸਿੰਘ ਜੀ ਦਾ ਸਿੰਘਾਂ ਨੂੰ ਸੱਦਣਾ
8. ਸੰਤ ਜੱਗਾ ਸਿੰਘ ਜੀ ਦਾ ਬਿਹਾਲੇ ਆਉਣਾ
9. ਭਾਈ ਨਰਾਇਣ ਸਿੰਘ ਜੀ ਦਾ ਪਰਿਵਾਰ ਵਿੱਚ ਦੁਆਰਾ ਆਉਣਾ
10. ਸੰਤ ਬਾਬਾ ਦਲੀਪ ਸਿੰਘ ਜੀ ਆਯੂ ਵਧਾਉਣੀ
11. ਸਾਧੂਆਂ ਦੀ ਸੰਗਤ
12. ਭਾਈ ਮੀਹਾ ਸਿੰਘ ਜੀ ਦੀ ਰੱਖਿਆ ਕਰਨੀ
13. ਭਾਈ ਮੀਹਾ ਸਿੰਘ ਜੀ ਦੇ ਘਰ ਦੀ ਵੰਡ
14. ਬਾਬਾ ਖੜਕ ਸਿੰਘ ਜੀ
15. ਭਾਈ ਵਰਿਆਮ ਸਿੰਘ ਜੀ ਦੀ ਸੇਵਾ
16. ਸੰਤਾਂ ਦਾ ਪ੍ਰੇਮ
17. ਸੋਹਣ ਸਿੰਘ ਜੀ ਤੇ ਸੰਤਾਂ ਦੀ ਕਿਰਪਾ
18. ਭਾਈ ਗੁਰਵਚਨ ਸਿੰਘ ਜੀ
19. ਪਸ਼ੂਆਂ ਦੀ ਤੰਦਰੁਸਤੀ
20. ਕਲਯੁਗ ਦੀ ਸਾਖੀ
21 ਬਿੱਲੀ ਦੀ ਸਾਖੀ

 

ਪੁਸਤਕ ਲਿਖਣ ਦੀ ਪ੍ਰੇਰਣਾ ਕਿਵਂੇ ਮਿਲੀ —>ਤੱਤਕਰਾ

 ਪਿਛਲੇ ਲੰਬੇ ਸਮੇਂ ਤੋਂ (ਚਾਰ ਕੁ ਸਾਲਾ ਤੋਂ ) ਸੋਚ ਰਿਹਾ ਸਾ, ਮਨ ਵਿੱਚ ਇੱਕ ਸੰਕਲਪ ਵਾਰ ਵਾਰ ਆ ਰਿਹਾ ਸੀ ਕਿ ਆਪਣੇ ਪਿੰਡ ਦੇ ਮਹਾਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਸਿੰਘ ਜੀ ਦਾ ਕੁੱਝ ਜੀਵਨ ਇਤਿਹਾਸ ਲਿਖ਼ਤ ਰੂਪ ਵਿੱਚ ਮੋਜੂਦ ਹੋਵੇ ਤਾਂ ਬਹੁਤ ਚੰਗਾ ਹੋਵੇਗਾ । ਹਾਲ਼ੇ ਤੱਕ ਤਾਂ ਕੁੱਝ ਕੁ ਪ੍ਰਾਣੀ ਜੀਵਤ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਹਜ਼ੂਰੀ ਵਿੱਚ ਸਮਾਂ ਗੁਜ਼ਾਰਿਆ ਸੀ । ਉਨ੍ਹਾਂ ਪਾਸੋਂ ਕੁੱਝ ਜੀਵਨ ਇਤਿਹਾਸ ਮਿਲ ਸਕਦਾ ਹੈ । ਸੋ ਮੈਨੂੰ ਇਨ੍ਹਾਂ ਪਾਸੋਂ ਕੁਝ ਜਾਣਕਾਰੀ ਮਿਲੀ ਹੈ ।

ਸੰਤਾਂ ਦੇ ਕੌਤਕ ਸੁਣ-ਸੁਣ ਕੇ ਮਨ ਵਿੱਚ ਪ੍ਰਬਲ ਇੱਛਾ ਜਾਗਦੀ ………. ਮਨ ਸ਼ਰਧਾ ਨਾਲ਼ ਭਰ ਜਾਂਦਾ । ਉਨ੍ਹਾਂ ਦੇ ਤੱਪ ਅਸਥਾਨ ਤੇ ਜਾ ਕੇ ਮੱਥਾ ਟੇਕਦਾ ……… ਪਰ ਇੱਕ ਗੱਲ ਜੋ ਵਾਰ ਵਾਰ ਮਨ ਵਿੱਚ ਆਉਂਦੀ ਉਹ ਇਹ ਕਿ ਆਉਣ ਵਾਲ਼ੀ ਪੀੜ੍ਹੀ ਪਾਸ ਕੁੱਝ ਵੀ ਮੋਜ਼ੂਦ ਨਹੀਂ ਹੋਵੇਗਾ । ਨਾ ਉਨ੍ਹਾਂ ਦੇ ਸਮਂੇ ਦੇ ਕੋਈ ਪ੍ਰਾਣੀ ਅਤੇ ਨਾ ਹੀ ਕੋਈ ਲਿਖ਼ਤ ਇਤਿਹਾਸ, ਸੋ ਇੱਕ ਵਲਵਲ਼ਾ ਸੀ……ਮਨ ਅੰਦਰ……… ਇੱਕ ਮੈਂ ਹੀ ਕਿਉਂ ਨਾ ਇਹ ਕਾਰਜ ਆਰੰਭ ਕਰਾਂ ! ਪਰ ਸਮਾਂ ਨਾ ਮਿਲਣਾ…… ਲਿਖ਼ਣ ਦਾ……… ਕਦੇ ਸੋਚਣਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਹਲ ਮਿਲੇਗਾ ਤਾਂ ਲਿਖਾਂਗਾ ………! ਉਹ ਛੁੱਟੀਆਂ ਵੀ ਇਸੇ ਤਰਾਂ ਬੀਤ ਜਾਣੀਆਂ । ਮਨ ਵਿੱਚ ਪਛਤਾਵਾਂ ਲੱਗਦਾ ………! ਕਈ ਸਿਆਣੇ ਬਜ਼ੁਰਗ ਜਿਨ੍ਹਾਂ ਪਾਸ ਸੰਤਾਂ ਬਾਰੇ ਕੁਝ ਜਾਣਕਾਰੀ ਸੀ, ਉਹ ਗੁਜ਼ਰ ਗਏ ! ਜਿਵੇ ਕਿ ਡਾਕਟਰ ਗਿਆਨ ਸਿੰਘ, ਜੁਝਾਰ ਸਿੰਘ ਆਦਿਕ………..
3 ਸਤੰਬਰ 2002 ਨੂੰ ਸਕੂਲ ਵਿਖੇ ਇਲ਼ੈਕਸ਼ਨ ਡਿਊਟੀ (ਝ ਫ਼ ਖ ਅਸਸੲਮਬਲੇ ) ਦਾ ਪੱਤਰ ਪ੍ਰਾਪਤ ਹੋਇਆ , ਹਾਂ ਕਰ ਦਿੱਤੀ । ਇਸ ਕਰਕੇ ਕਿ ਉੱਥੇ ਇਲ਼ੈਕਸ਼ਨ ਡਿਊਟੀ ਸਮੇਂ, ਹਰ ਦਿਨ ਦੀ ਡਿਊਟੀ ਤੋਂ ਬਾਅਦ ਕਾਫ਼ੀ ਟਾਈਮ ਮਿਲ ਜਾਵੇਗਾ, ਸੰਤਾਂ ਦਾ ਜੀਵਨ ਇਤਿਹਾਸ ਲਿਖ਼ਣ ਲਈ ( ਇਹ ਡਿਊਟੀ ਇੱਕ ਮਹੀਨੇ ਦੀ ਸੀ ) ਜੰਮੂ ਪਹੁੰਚ ਕੇ ਪਤਾ ਲੱਗਿਆ ਕਿ ਹਾਲੇ ਦੋ ਦਿਨ ਹੋਰ ਸਫਰ ਵਿੱਚ ਲੱਗਣਗੇ । ਫਿਰ ਜਦੋਂ ਪੁਣਛ ਜ਼ਿਲ੍ਹੇ ਦੀ ਤਹਿਸੀਲ ਸੁਰਨਕੋਟ ਪਹੁੰਚੇ ਤੇ ਸਾਡੀ ਰਿਹਾਇਸ਼ ਦਾ ਪ੍ਰਬੰਧ ਜਵਾਹਰ ਨਵੋਦਿਆ ਵਿੱਦਿਆਲੇ ਵਿੱਚ ਕੀਤਾ ਗਿਆ । ਜਦੋਂ ਸ਼ਾਮੀ ਮੈੱਸ ਵਿੱਚ ਵਿੱਚ ਭੋਜਨ ਕਰਨ ਗਏ ਤਾਂ ਉੱਥੇ ਇੱਕ ਮਾਟੋ ਲਿਖ਼ਿਆ ਹੋਇਆ ਪੜ੍ਹਿਆ :-

ਸੋ ਮਨ ਵਿੱਚ ਸੰਕਲਪ ਹੋਰ ਵੀ ਦ੍ਰਿੜ ਕਰ ਲਿਆ ਕਿ ਸਮਾਂ ਤਾਂ ਮਿਲਣਾ ਹੀ ਨਹੀਂ ਕਿਉਂ ਨਾ ਕੁੱਝ ਲਿਖ਼ਣਾ ਆਰੰਭ ਕਰਾਂ, 14-09-2002 ਨੂੰ ਸ਼ਾਮੀ ਚਾਰ ਕੁ ਵਜੇ ਸੁਰਨਕੋਟ ਭ.ਸ਼.ਢ ਦੇ ਕੈੱਪ ਵਿੱਚ ਬੈਠਿਆ ਕੁਝ ਸਮਾਂ ਇਕਾਂਤ ਦਾ ਮਿਲਿਆ ਤਾਂ ਉਸ ਤੋਂ ਲਾਭ ਉਠਾਉਣਾ ਚਾਹਿਆ……………………..

ਦਾਸ ਹਰਭਜਨ ਸਿੰਘ (ਲੇਖਕ)

ਗੇਰੇ ਵਾਲੇ ਸੰਤਾਂ ਦੇ ਬਚਨ—>ਤੱਤਕਰਾ

ਗੇਰੇ ਵਾਲੇ ਸੰਤਾਂ ਦਾ ਇੱਕ ਸੇਵਕ ਸ. ਨਿਰੰਜਨ ਸਿੰਘ ਹਰ ਪੁੰਨਿਆਂ ਨੂੰ ਬਿਹਾਲੇ ਗੁਰਦੁਆਰੇ ਆਇਆ ਕਰਦਾ ਸੀ ਅਤੇ ਦਰਬਾਰ ਵਿੱਚ ਬੈਠ ਕੇ ਪ੍ਰਸ਼ਾਦ ਵੰਡ ਕੇ ਜਾਇਆ ਕਰਦਾ ਸੀ । ਉਸਨੇ ਇੱਕ ਵਾਰ ਦੱਸਿਆ ਕਿ ਗੇਰੇ ਵਾਲੇ ਮਹਾਪੁਰਸ਼ ਸੰਤ ਬਾਬਾ ਹੀਰਾ ਸਿੰਘ ਜੀ ਸੰਬੰਧੀ ਸਾਖੀਆਂ ਸੁਣਾੳਂੁਦੇ ਰਹਿੰਦੇ ਹਨ । ਇਹ ਸੁਣ ਕੇ ਦਾਸ ਦੇ ਮਨ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਅਤੇ ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ।
24 ਮਾਰਚ 2001 ਦਾ ਦਿਨ ਸੀ । ਸ. ਉਕਾਰ ਸਿੰਘ ਦੀ ਗੱਡੀ ਚ’ ਬਾਬਾ ਨੌਰੰਗ ਸਿੰਘ (ਗਰੰਥੀ ਸਿੰਘ ਗੁਰਦੁਆਰਾ ਸਾਹਿਬ), ਅਮਰਜੀਤ ਸਿੰਘ , ਸ. ਬਲਵੰਤ ਸਿੰਘ, ਜਸਵੀਰ ਸਿੰਘ (ਸ਼ੀਰਾ) ਅਤੇ ਦਾਸ ਸਣੇ ਸੱਤ ਸਰੀਰ ਗਏ । ਅਸੀਂ ਸਵੇਰੇ ਜਲਦੀ ਚੱਲ ਪਏ ਸੋਚਿਆ ਸੀ ਕਿ ਦੁਪਿਹਰੋਂ ਪਹਿਲਾਂ ਮਿਲ ਕੇ ਵਾਪਸ ਮੁੜ ਪਵਾਂਗੇ । ਜਦੋਂ ਹਾਜੀਪੁਰ ਤੋ ਅੱਗੇ ਸੰਤ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ ਵਾਲਿਆ) ਦੇ ਡੇਰੇ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਗੇਰੇ ਵਾਲੇ ਸੰਤਾਂ ਦੇ ਡੇਰੇ ਬਾਰੇ ਪੁੱਛਿਆ ਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਦੁਪਿਹਰਾ ਇੱਥੇ ਰੁਕੋ । ਪ੍ਰਸ਼ਾਦਾ ਛਕੋ, ਸ਼ਾਮੀ 4 ਵਜੇ ਤੋਂ ਪਹਿਲਾਂ ਸੰਤ ਕਿਸੇ ਨੂੰ ਨਹੀਂ ਮਿਲਦੇ । ਅਸੀਂ ਉਨ੍ਹਾਂ ਦੀ ਗੱਲ ਦੀ ਪਰਵਾਹ ਨਹੀ ਕੀਤੀ ਤੇ ਅੱਗੇ ਚੱਲ ਪਏ । ਜਦੋਂ ਭੱਠਾ ਸਾਹਿਬ* ( ਇਸ ਸਥਾਨ ਤੇ ਇੱਕ ਭੱਠਾ ਹੈ । ਭੱਠੇ ਦੇ ਮਾਲਕ ਨੇ ਇੱਕ ਲੰਗਰ ਹਾਲ ਬਣਾਇਆ ਜਿੱਥੇ ਆਏ ਗਏ ਨੂੰ ਚਾਹ-ਪਾਣੀ ਛਕਾਇਆ ਜਾਂਦਾ ਹੈ । ਇਸ ਅਸਥਾਨ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ । ਸੰਤ ਇਸ ਨੂੰ ਸ਼ਿਮਲਾ ਕਹਿਆ ਕਰਦੇ ਸਨ ਕਿਉਂਕਿ ਇਥੇ ਠੰਡੀ ਹਵਾ ਚੱਲਦੀ ਰਹਿੰਦੀ ਹੈ ) ਵਿਖੇ ਪਹੁੰਚੇ ਤਾ ਉੱਥੇ ਚਾਹ ਦਾ ਲੰਗਰ ਛਕਿਆ ਪਰ ਜਦੋਂ ਉਨ੍ਹਾਂ ਨਾਲ ਗੇਰੇ ਵਾਲੇ ਸੰਤਾਂ ਨੂੰ ਮਿਲਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਸੰਤਾਂ ਨੂੰ ਸ਼ਾਮੀ ਚਾਰ ਵਜੇ ਤੋਂ ਬਾਅਦ ਹੀ ਮਿਲਿਆ ਜਾ ਸਕਦਾ ਹੈ ।
ਅਸੀਂ ਫਿਰ ਵੀ ਨਾ ਰੁਕੇ । ਹੂੜ੍ਹ-ਮੱਤ ਕਰਦੇ ਅੱਗੇ ਚੱਲ ਪਏ । ਜਦੋਂ ਨਹਿਰ ਕੋਲ ਪਹੁੰਚੇ ਤਾਂ ਨਹਿਰ ਦੇ ਸੂਏ ਤੇ ਇੱਕ ਚੁਬਾਰੇ ਦੇ ਬਾਹਰ ਭਗਵਂੇ ਕੱਪੜਿਆਂ ਵਾਲਾ ਪੁਰਸ਼ ਖੜਾ ਸੀ, ਜਿਸ ਨੂੰ ਚੁੱਪ ਲੱਗੀ ਹੋਈ ਸੀ । ਉਸਨੇ ਇਸ਼ਾਰੇ ਨਾਲ ਸਾਨੂੰ ਅੱਗੇ ਜਾਣ ਤੋ ਮਨ੍ਹਾਂ ਕੀਤਾ ਅਤੇ ਚਾਰ ਉੱਗਲੀਆਂ ਖੜੀਆਂ ਕਰਕੇ ਇਸ਼ਾਰਾ ਕੀਤਾ ਭਾਵ ਚਾਰ ਵਜੇ ਮਿਲਣ ਆਉਂਣਾ । ਹੁਣ ਮਨ ਨੂੰ ਸਮਝਾਇਆ ਕਿ ਜਿਆਦਾ ਹੂੜ੍ਹ-ਮੱਤ ਚੰਗੀ ਨਹੀਂ ਹੁੰਦੀ । ਸੰਤਾਂ ਪਾਸ ਉਨ੍ਹਾਂ ਦੀ ਖੁਸ਼ੀ ਪ੍ਰਾਪਤ ਕਰਨ ਆਏ ਹਾਂ । ਅਜਿਹਾ ਨਾ ਹੋਵੇ ਕਿ ਖੁਸ਼ੀ ਦੀ ਬਜਾਏ ਨਰਾਜ਼ਗੀ ਲੈ ਕੇ ਜਾਈਏ । ਸੋ ਵਾਪਸ ਮੁੜੇ । ਹਰਖੋਵਾਲ ਵਾਲਿਆ ਸੰਤਾਂ ਦੇ ਡੇਰੇ ਆ ਗਏ ਤੇ ਉਥੇ ਆ ਕੇ ਪ੍ਰਸ਼ਾਦਾ ਛਕਿਆ । ਅਰਾਮ ਕੀਤਾ ਅਤੇ ਸੌਫ ਵੀ ਛਕੀ । ਡੇਰੇ ਦੇ ਪ੍ਰਬੰਧਕਾਂ ਨਾਲ ਅਸੀ ਕਾਫ਼ੀ ਗੱਲਾਂ ਕੀਤੀਆਂ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸੰਤਾਂ ਨੇ ਤੁਹਾਡੇ ਨਾਲ ਵਾਧੂ ਗੱਲਾਂ ਨਹੀਂ ਕਰਨੀਆਂ । ਸਿਰਫ ਇਹੀ ਕਹਿਣਾ ਹੈ ਕਿ ਨਾਮ ਜਪੋ । ਅਸੀਂ ਕਿਹਾ ਕਿ ਅਸੀਂ ਤਾਂ ਬਿਹਾਲੇ ਵਾਲੇ ਸੰਤਾਂ ਸੰਬੰਧੀ ਸਾਖੀਆਂ ਸੁਣਨੀਆਂ ਹਨ ।
_____________________________________________________________
* ਭੱਠਾ ਸਾਹਿਬ ( ਇਹ ਅਸਥਾਨ ਮੁਕੇਰੀਆਂ-ਤਲਵਾੜਾ ਰੋਡ ਤੇ ਸਥਿਤ ਹੈ । ਜਦੋਂ ਕਿ ਇਤਿਹਾਸਿਕ ਅਸਥਾਨ ਭੱਠਾ ਸਾਹਿਬ ਜ਼ਿਲ੍ਹਾ: ਰੋਪੜ ਜਾਂ ਰੂਪਨਗਰ ਵਿਖੇ ਸ਼ੁਸ਼ੋਭਿਤ ਹੈ, ਜਿਸਨੂੰ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਚਰਨ ਛੋਹ ਪ੍ਰਾਪਤ ਹੈ )

ਆਖਰ 3:30 ਵਜੇ ੳੁੱਥਂੋ ਚੱਲ ਪਏ ਤੇ 4:00 ਵੱਜਦੇ ਨਾਲ ਉੱਥੇ ਪਹੁੰਚ ਗਏ । ਪਹਿਰੇ ਤੇ ਦੋ ਛੋਟੇ ਬੱਚੇ ਖੜੇ ਸਨ । ਇੱਥੇ ਮਰਿਆਦਾ ਹੀ ਇਸ ਤਰ੍ਹਾਂ ਦੀ ਹੈ ਕਿ ਪਹਿਲਾਂ ਪਹਿਰੇ ਤੇ ਖੜੇ ਬੰਦੇ ਨੂੰ ਦੱਸਣਾ ਪਂੈਦਾ ਹੈ ਕਿ ਮਿਲਣ ਵਾਲੇ ਕਉਣ ਹਨ ? ਫਿਰ ਜੇ ਸੰਤ ਹੁਕਮ ਦੇਣ ਮਿਲਣ ਦਾ, ਤਾਂ ਅੱਗੇ ਜਾਣ ਦਿੱਤਾ ਜਾਂਦਾ ਹੈ, ਨਹੀ ਤਾ ਵਾਪਸ ਮੋੜ ਦਿੱਤਾ ਜਾਂਦਾ ਹੈ । ਅਸੀਂ ਉਸ ਪਹਿਰੇ ਵਾਲੇ ਨੂੰ ਕਿਹਾ ਕਿ ਸੰਤ ਬਾਬਾ ਹੀਰਾ ਸਿੰਘ ਜੀ ਦੇ ਨਗਰ ਬਿਹਾਲਾ ਤੋਂ ਸੰਗਤ ਆਈ ਹੈ । ਬੱਚੇ ਨੇ ਜਾ ਕੇ ਫਰਿਆਦ ਕੀਤੀ ਤੇ ਹੁਕਮ ਹੋਇਆ ਕਿ ਅੰਦਰ ਲੈ ਆਉ । ਅਸੀਂ ਅੰਦਰ ਗਏ ਤੇ ਸੰਤਾਂ ਨੇ ਆਪ ਆਖਿਆ ਕਿ ਮੂੜ੍ਹੇ ਡਾਹ ਲਉ ।

ਅਸੀਂ ਮੂੜ੍ਹਿਆ ਤੇ ਬੈਠ ਗਏ । ਹੋਰ ਸੰਗਤਾਂ ਵੀ ਆਈ ਗਈਆਂ ਅਤੇ ਬੈਠੀ ਗਈਆਂ । ਸੰਤ ਇੱਕ ਪਿੰਜ਼ਰੇ ਨੁਮਾ ਡੋਲੀ ਵਿੱਚ ਬੈਠੇ ਹੋਏ ਸਨ । ਸੱਜੇ ਅਤੇ ਖੱਬੇ ਪਾਸੇ ਜਾਲ਼ੀ ਲੱਗੀ ਹੋਈ ਸੀ ਤੇ ਅਗਲੇ ਪਾਸੇ ਇੱਕ ਛੋਟੀ ਜਿਹੀ ਖਿੜਕੀ ਲੱਗੀ ਹੋਈ ਸੀ । ਜਾਲ਼ੀ ਉੱਪਰ ਕੁੱਝ ਪੁਰਾਣੇ ਜਿਹੇ ਕੱਪੜੇ ਟੰਗੇ ਹੋਏ ਸਨ । ਸੰਤਾਂ ਨੇ ਸਵੈਟਰ ਪਹਿਨਿਆਂ ਹੋਇਆ ਸੀ । ਸੰਤਾਂ ਨੇ ਅੰਦਰੋ ਹੀ ਪੁੱਛਿਆ ਕਿ ਕਿਵਂੇ ਆਏ ਹੋ ? ਅਸੀਂ ਕਿਹਾ ਕਿ ਜੀ ਦਰਸ਼ਨ ਕਰਨ ਆਏ ਹਾਂ । ਤਦ ਸੰਤਾਂ ਨੇ ਸਿਰ ਉੱਪਰ ਪਰਨਾ ਲਪੇਟਿਆ ਤੇ ਕੁੰਡੀ ਖੋਲੀ । ਕਹਿਣ ਲੱਗੇ ਲਉ ਕਰ ਲਉ ਦਰਸ਼ਨ…ਮੇਰੇ ਅੰਨ੍ਹੇ ਦੇ ਕੀ ਦਰਸ਼ਨ ਕਰਨੇ ਹਨ ? ਅਸੀਂ ਦੇਖ ਕੇ ਹੱਕੇ-ਬੱਕੇ ਰਹਿ ਗਏ । ਉਨ੍ਹਾਂ ਨੇ ਇੰਨਾ ਕਹਿ ਕੇ ਕੁੰਡੀ ਅੰਦਰੋ ਬੰਦ ਕਰ ਲਈ । ਸਾਨੂੰ ਹੁਣ ਕੁੱਝ ਨਾ ਸੁੱਝੇ ਕਿ ਕੀ ਕਰੀਏ ?
ਆਖਰ ਬਾਬਾ ਨੌਰੰਗ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਜੀ ਸਾਨੂੰ ਸੰਤ ਬਾਬਾ ਹੀਰਾ ਸਿੰਘ ਜੀ ਸੰਬੰਧੀ ਕੁੱਝ ਸਾਖੀਆਂ ਸੁਣਾਉ । ਸੰਤ ਕੁੱਝ ਚਿਰ ਚੁੱਪ ਰਹਿਣ ਪਿੱਛੋ ….
ਇੱਕ ਸ਼ਬਦ ਗੁਣ-ਗੁਣਾੳਂੁਣ ਲੱਗ ਪਏ………
ਗਉੜੀ ਮਹਲਾ 5 ॥
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥1॥ ਰਹਾਉ ॥
ਦੁਸਟ ਦੂਤ ਪਰਮੇਸਰਿ ਮਾਰੇ ॥
ਜਨ ਕੀ ਪੈਜ ਰਖੀ ਕਰਤਾਰੇ ॥1॥
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥
ਅੰਮ੍ਰਿਤ ਨਾਮ ਮਹਾ ਰਸ ਪੀਨੇ ॥2॥
ਨਿਰਭਉ ਹੋਇ ਭਜਹੁ ਭਗਵਾਨ ॥
ਸਾਧਸੰਗਤਿ ਮਿਲਿ ਕੀਨੋ ਦਾਨੁ ॥3॥
ਸਰਣਿ ਪਰੇ ਪ੍ਰਭ ਅੰਤਰਜਾਮੀ ॥
ਨਾਨਕ ਓਟ ਪਕਰੀ ਪ੍ਰਭ ਸੁਆਮੀ ॥4॥108॥

ਮਾਸਟਰ ਜੀ ਥਿਰ ਹੁੰਦਾ ਨਹੀਂ ਤਾਂ ਹੀ ਤਾਂ ਕਾਰਜ ਸ਼ੁੱਧ ਨਹੀਂ ਹੁੰਦੇ ।
ਏਕ ਦੂਸਰ ਨਾਹੀ ਕੋਇ ।
ਜਲਾਂ ਤੇ ਥਲਾਂ ਵਿੱਚ ਰਮਿਆ ਹੋਇਆ ।
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਸੰਤ ਤਾਂ ਦੁਹਾਈ ਦੇਣ ਡਹੇ ਹੋਏ ਹਨ , ਹੋਕੇ ਦੇਣ ਡਹੇ ਹੋਏ ਹਨ, ਥਾਂ-ਥਾਂ ਚੌਕੀਆ ਲਾਈਆਂ, ਦੁਹਾਈ ਦੇਣ ਡਹੇ ਆਂ । ਜੀਵ ਨੂੰ ਨਿਸ਼ਚਾ ਨਹੀਂ ਬੱਝਦਾ, ਭਟਕਦਾ ਫਿਰਦਾ……. ।
ਮਨ ਦੇ ਮਾਰੇ ਮਰ ਗਏ ਮੁੱਲਾ ਕਾਜੀ ਸੇਠ ।
ਮਨ ਤਾਂ ਕਈ ਕੁੱਝ ਕਰਦਾ ……..।
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥
ਬਾਣੀ ਤਾਂ ਮਨੁੱਖ ਨੂੰ ਥਾਂ-ਥਾਂ ਸਿੱਖਿਆ ਦਿੰਦੀ ਹੈ । ਬਾਣੀ ਤਾਂ ਬੰਦੇ ਦੇ ਚਪੇੜਾਂ ਮਾਰਦੀ ਆ….. ਪਰ ਬਾਣੀ ਹਿਰਦੇ ਵਿੱਚ ਬਹਿੰਦੀ ਨਹੀਂ । ਬਾਣੀ ਤੋ ਬਿਨਾਂ ਸੰਸਾਰ ਡੁੱਬਦਾ ਜਾਂਦਾ ਹੈ । ਇਸ ਸੰਸਾਰ ਵਿੱਚ ਪ੍ਰਾਣੀ ਨੂੰ ਕੋਈ ਗਿਆਨ ਨਹੀਂ ਕਿ ਕਿਹੜੇ ਰਾਹ ਨਿਕਲਣਾ ਹੈ ਅਤੇ ਇਸ ਸਮੁੰਦਰ ਵਿੱਚੋ ਕਿੱਦਾਂ ਨਿਕਲਣਾ ਹੈ ? ਕੋਈ ਨਿਕਲਣ ਦਾ ਰਾਹ ਮੈਨੂੰ ਵੀ ਦੱਸ ਦਿਉ । ਮਾਸਟਰ ਜੀ ਅਸੀਂ ਤਾਂ ਅਨਪੜ ਹਾਂ ਸਾਨੂੰ ਵੀ ਕੁੱਝ ਪੜਾਓ ।
ਦੀਨ ਦਿਆਲ ਸੁਣੋ ਬੇਨਤੀ…………
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥
ਸਾਨੂੰ (ਸੰਤ ਜੀ ) ਖੁਸ਼ੀ ਹੋਈ ਕਿ ਤੁਸੀਂ ਦਰਸ਼ਨ ਦਿੱਤੇ । ਸੰਗਤ ਡੁੱਬਦੇ ਜਾਂਦੇ ਦੀ ਬੇੜੀ ਹੁੰਦੀ ਹੈ ਬੇੜੀਆਂ ਦੋ ਤਰ੍ਹਾਂ ਬਣੀਆਂ ਹੁੰਦੀਆ ਹਨ ਇੱਕ ਲੋਹੇ ਦੀ ਤੇ ਇੱਕ ਲੱਕੜ ਦੀ । ਮੈ ਤਾਂ ਲੋਹਾ ਹਾਂ ਸਾਨੂੰ ਵੀ ਲੱਕੜ ਦੀ ਬੇੜੀ ਨਾਲ ਲਾ ਦਿਓ । ਸਾਨੂੰ ਖੁਸ਼ੀ ਹੋਈ ਕਿ ਬਾਬੇ ਬਿਹਾਲੇ ਦੀ ਸੰਗਤ ਆਈ ਹੈ । ਉਹ ਤਾਂ ਪੂਰਨ ਬ੍ਰਹਮ ਗਿਆਨੀ ਬਹੁਤ ਪਹੁੰਚੇ ਹੋਏ ਸੰਤ ਸਨ । ਮਾਸਟਰ ਜੀ ਤਿੰਨ ਅਵਾਜਾਂ ਆਈਆ ਹਨ ।
ਰੱਬ ਹੀ ਰੱਬ ! ਰੱਬ ਹੀ ਰੱਬ ! ਰੱਬ ਹੀ ਰੱਬ !

ਪਰਮਾਤਮਾਂ ਪਉਣ-ਪਾਣੀ , ਜਲ-ਥਲ , ਅਕਾਸ਼ ਚ’ ਸਭਨੀ ਥਾਈ ਵਿਆਪਕ ਹੈ । ਮੈ ਤਾਂ ਭਾਵ ਪੁੱਛ ਰਿਹਾ ਹਾਂ ਕਿ ਕੀ ਭਾਵ ਹੈ ?
ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ ਮਸਟਿ ਕਰਿ ਰਹੀਐ ॥
ਅਸੀ ਤਾਂ ਤੈਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਦੇ ਤੱਤ ਕੱਢ ਕੇ ਸੰਗਤ ਨੂੰ ਸਮਝਾ । ਦਾਸ ਸੋਚ ਰਿਹਾ ਸੀ ਕਿ ਕਿਸੇ ਹੋਰ ਮਾਸਟਰ ਨੂੰ ਕਿਹਾ ਹੋਣਾ ! ਦੂਜੀ ਵਾਰ ਕਹਿਣ ਤੇ ਵੀ ਇਹੀ ਸੋਚਾਂ…….! ਪਰ ਜਦੋਂ ਤੀਜੀ ਵਾਰ ਕਹਿਣ ਤੇ ਵੀ ਕੋਈ ਨਾ ਬੋਲਿਆ ਤਾਂ ਸੰਤਾਂ ਨੇ ਕਿਹਾ ਕਿ ਤੁਹਾਡੇ ਵਿੱਚੋ ਮਾਸਟਰ ਨਹੀਂ ਹੈ ਕੋਈ ? ਫਿਰ ਦਾਸ ਬੋਲਿਆ ਕਿ ਜੀ ਮੈ ਹਾਂ । ਦਰਗਾਹ ਤੋ ਤਿੰਨ ਅਵਾਜਾਂ ਆਈਆ ਹਨ । ਇਨ੍ਹਾਂ ਦੇ ਅਰਥ ਕਰਕੇ ਸੁਣਾ……….
ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥
ਦਾਸ ਨੇ ਹੱਥ ਜੋੜੇ ਤੇ ਕਿਹਾ ਕਿ ਮਹਾਰਾਜ ਦਾਸ ਨੂੰ ਇਸਦੇ ਅਰਥ ਨਹੀਂ ਆਉਂਦੇ । ਸੰਤਾਂ ਨੇ ਕਿਹਾ ਕਿ ਉੱਥੇ ਤਾਂ ਸੰਗਤਾਂ ਨੂੰ ਰੋਜ ਸੁਣਾਉਂਦਾ ਹੈ । ਦਾਸ ਹੁਣ ਚੁੱਪ , ਸੁੱਝੇ ਨਾ, ਕੀ ਕਰਾਂ….. ਤੇ ਕੀ ਨਾ ਕਰਾਂ ? ਵਾਰ-ਵਾਰ ਕਹਿਣ ਤੇ ਦਾਸ ਬੋਲਿਆ ਕਿ ਉਸ ਅਕਾਲ ਪੁਰਖ ਦੀ ਮਰਿਆਦਾ ਤਾਂ ਉਹੀ ਜਾਣ ਸਕਦਾ ਹੈ ਜਾਂ ਕੋਈ ਪੂਰਾ ਗੁਰੂ ਹੀ ਜਾਣ ਸਕਦਾ ਹੈ । ਸੰਤ ਬੋਲੇ , ” ਇੱਕ ਤਾਂ ਅੱਖਰੀ ਅਰਥ ਹੁੰਦੇ ਹਨ ਤੇ ਦੂਜੇ ਅਨੁਭਵੀ ਹੁੰਦੇ ਹਨ “। ਅਸਾਂ ਤਾਂ ਮੁੱਢ ਹਿਲਾਇਆ ਤੂੰ ਤਾਂ ਮਾਸਟਰ ਹੈ । ਨਿਆਣਿਆਂ ਨੂੰ ਪੜਾਉਦਾਂ ਹੈ……….(ਸੰਤ ਆਪਣੀ ਮੌਜ ਚ’ ਵਚਨ ਕਰਦੇ ਗਏ)…….. ”
ਡੇਰਾ ਹੈ ਬਾਬਾ ਵਡਭਾਗ ਸਿੰਘ ਦਾ ਦੇਹੁਰਾ ਹੈ । ਉਥੋਂ ਇੱਕ ਮਹਾਤਮਾਂ ਆਉਦੇ ਹੁੰਦੇ ਸੀ । ਗਿਆਨ ਘੋਟਦੇ ਰਹਿੰਦੇ ਸੀ । ਮੈਂ ਕਿਹਾ ਹੋਰ ਝਗੜੇ ਤਾਂ ਮੁੱਕ ਗਏ । ਝਗੜਾ ਤਾਂ ਹੋਰ ਪੈ ਗਿਆ । ਜਿਹੜੀਆਂ ਅਵਾਜਾਂ ਆਈਆਂ ਉਨ੍ਹਾਂ ਦਾ ਅਨੁਭਵ ਸੁਣਾ । ਮੈਂ ਭੱਠਾ ਸਾਹਿਬ ਕੋਲ ਪਹਿਰਾ ਲਾ ਤਾ ਕਿ ਸਾਲ ਭਰ ਮੇਰੇ ਕੋਲ ਨਹੀਂ ਆੳਂੁਣਾ । ਮੈ ਆਉਣ ਨਹੀਂ ਦਿੰਦਾ । ਇਹ ਸੰਸਾਰ ਸਾਗਰ ਨੀਰ ਭਰਿਆ ਹੈ………
ਇੱਕ ਪ੍ਰੇਮੀ ਸੰਤ ਮਹਾਤਮਾ ਦੀ ਸੇਵਾ ਕਰਨ ਵਾਲਾ ਸੀ । ਘਰ ਕੋਈ ਵੀ ਮਹਿਮਾਨ ਆ ਜਾਵੇ ਹਰ ਇੱਕ ਦੀ ਸੇਵਾ ਕਰਨੀ , ਮੁੱਠੀ ਚਾਪੀ ਕਰਨੀ । ਹਰ ਇੱਕ ਮਹਾਤਮਾ ਅੱਗੇ ਆਪਣਾ ਸੰਸਾਂ ਰੱਖਦਾ ਅਤੇ ਉਸ ਨੂੰ ਨਵਿਰਤ ਕਰਨ ਲਈ ਕਹਿੰਦਾ ਪਰ ਉਸਦਾ ਸੰਸਾ ਨਵਿਰਤ ਨਹੀਂ ਹੋਇਆ ।
ਇੱਕ ਵਾਰ ਗੁਰੂ ਨਾਨਕ ਪਾਤਿਸ਼ਾਹ ਅਤੇ ਬਾਲਾ ਜੀ ਇੱਕ ਪਿੰਡ ਵਿੱਚ ਆਏ । ਉਹ ਪ੍ਰਾਣੀ ਉਨ੍ਹਾਂ ਕੋਲ ਗਿਆ । ਕਹਿਣ ਲੱਗਾ ਕਿ ਮੇਰਾ ਸੰਸਾਂ ਨਵਿਰਤ ਕਰੋ ਕਿ ” ਮਹਾਤਮਾ ਦੀ ਸੇਵਾ ਕਰਨ ਦਾ ਕੀ ਫਲ ਮਿਲਦਾ ਹੈ…. ? ” ਤਾਂ ਗੁਰੂ ਨਾਨਕ ਪਾਤਿਸ਼ਾਹ ਨੇ ਕਿਹਾ ਕਿ ਜਦੋਂ ਸਵੇਰੇ ਜੰਗਲ ਪਾਣੀ ਜਾਵੇਗਾਂ ਤਾਂ ਪਹਿਲਾਂ ਜਿਹੜਾ ਪ੍ਰਾਣੀ ਮਿਲੇ ਉਸਨੂੰ ਪੁੱਛੀ ।

ਅਗਲੇ ਦਿਨ ਜਦੋਂ ਉਹ ਸਵੇਰੇ ਗਿਆ ਤਾਂ ਕੀ ਦੇਖਦਾ ਹੈ ਕਿ ਪਾਣੀ ਵਿੱਚ ਦੋ ਕਾਲੇ ਕਾਂ ਵੜੇ ਜਦ ਬਾਹਰ ਨਿੱਕਲੇ
ਤਾਂ ਬਗਲੇ ਬਣ ਕੇ ਨਿਕਲੇ ਤੇ ਉੱਡ ਗਏ । ਉਸਨੇ ਇਹ ਸਭ ਗੁਰੂ ਨਾਨਕ ਪਾਤਿਸ਼ਾਹ ਕੋਲ ਜਾ ਕੇ ਦੱਸਿਆ । ਗੁਰੂ ਨਾਨਕ ਪਾਤਿਸ਼ਾਹ ਜੀ ਨੇ ਉਸਨੂੰ ਫਿਰ ਅਗਲੇ ਦਿਨ ਜਾਣ ਵਾਸਤੇ ਕਿਹਾ ।

ਅਗਲੇ ਦਿਨ ਜਦੋਂ ਉਹ ਸਵੇਰੇ ਗਿਆ ਤਾਂ ਕੀ ਦੇਖਦਾ ਹੈ ਕਿ ਪਾਣੀ ਵਿੱਚ ਦੋ ਬਗਲੇ ਵੜੇ ਜਦ ਬਾਹਰ ਨਿੱਕਲੇ ਤਾਂ ਹੰਸ ਬਣ ਕੇ ਨਿਕਲੇ ਤੇ ਉੱਡ ਗਏ । ਉਸਨੇ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ । ਗੁਰੂ ਨਾਨਕ ਪਾਤਿਸ਼ਾਹ ਜੀ ਨੇ ਉਸਨੂੰ ਫਿਰ ਅਗਲੇ ਦਿਨ ਜਾਣ ਵਾਸਤੇ ਕਿਹਾ । ਅਗਲੇ ਦਿਨ ਜਦੋਂ ਉਹ ਗਿਆ ਤਾਂ ਉਥੇ ਇੱਕ ਮਰਦ ਅਤੇ ਔਰਤ ਨੂੰ ਦੇਖਦਾ ਹੈ । ਉਹ ਉਨ੍ਹਾਂ ਕੋਲ ਜਾ ਕੇ ਕਹਿਣ ਲੱਗਾ ਕਿ ਮੇਰਾ ਸੰਸਾਂ ਨਵਿਰਤ ਕਰੋ ।
ਉਹ ਕਹਿਣ ਲੱਗੇ ਕਿ ਭਾਈ ਤੇਰਾ ਸੰਸਾ ਹਾਲੇ ਵੀ ਨਵਿਰਤ ਨਹੀਂ ਹੋਇਆ ? ਤੇਰੇ ਦਰਸ਼ਨ ਕਰਕੇ ਤਾਂ ਅਸੀ ਕਾਂਵਾਂ ਤੋ ਬਗਲੇ ਬਣੇ , ਬਗਲਿਆਂ ਤੋਂ ਹੰਸ ਬਣੇ । ਹੁਣ ਤੀਜੇ ਦਿਨ ਦਰਸ਼ਨ ਕਰਕੇ ਮਾਣਸ ਦੇਹੀ ਪ੍ਰਾਪਤ ਕੀਤੀ ਹੈ । ਹਾਲੇ ਵੀ ਤੂੰ ਨਹੀਂ ਸਮਝਿਆ । ਤੇਰੇ ਘਰ ਗੁਰੂ ਨਾਨਕ ਪਾਤਿਸ਼ਾਹ ਆਏ ਹੋਏ ਹਨ । ਤੂੰ ਉਨਾਂ ਦੇ ਦਰਸ਼ਨ ਕੀਤੇ ਹਨ ਤੇ ਅਸੀਂ ਤੇਰੇ ਦਰਸ਼ਨ ਕੀਤੇ ਹਨ ਤਾਂ ਸਾਨੂੰ ਕਾਂ ਜੂਨੀ ਤੋਂ ਮਾਣਸ ਦੇਹੀ ਮਿਲੀ ਹੈ । ਤੂੰ ਗੁਰੂ ਨਾਨਕ ਪਾਤਿਸ਼ਾਹ ਦੇ ਚਰਨ ਫੜ ਲੈ ਜੋ ਚਾਹੇਗਾ ਤੈਨੂੰ ਪ੍ਰਾਪਤ ਹੋ ਜਾਵੇਗਾ ……..
ਫਿਰ ਸੰਤਾਂ ਨੇ ( ਗੇਰੇ ਵਾਲੇ ) , ਬਾਬਾ ਹੀਰਾ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਕਿ ਬਾਬਾ ( ਸੰਤ ਬਾਬਾ ਹੀਰਾ ਸਿੰਘ ਜੀ ) ਜੀ ਦੱਸਦੇ ਹੁੁੰਦੇ ਸਨ ਕਿ ਸਾਡਾ ਪਹਿਲਾ ਜਨਮ ਪੰਡੋਰੀ ਨਿੱਝਰਾਂ ਦਾ ਸੀ । ਪਹਿਲਾਂ ਉਥੇ ਇੱਕ ਭਾਰੀ ਛੱਪੜ ਦੇ ਕਿਨਾਰੇ ਇੱਕ ਬੋਹੜ ਦਾ ਦਰੱਖਤ ਸੀ । ਉਹ ਉੱਥੇ ਸਮਾਧੀ ਲਗਾ ਕੇ ਬੈਠੇ ਸਨ ਕਿ ਇੰਨੀ ਦੇਰ ਨੂੰ ਦੋ ਮੱਝਾਂ ਛੱਪੜ ਵਿੱਚ ਆ ਵੜੀਆਂ ਤੇ ਖੌਰੂ ਪਾਉਣ ਲੱਗ ਪਈਆ ਤਾਂ ਬਾਬਾ ਜੀ ਕਹਿਣ ਲੱਗੇ ਕਿ ਤੁਹਾਡੇ ਕੋਲੋ ਪਰ੍ਹਾਂ ਨਹੀਂ ਮਰ ਹੁੰਦਾ । ਉਹ ਦੋਨੋ ਮੱਝਾਂ ਉਸੇ ਸਮੇਂ ਮਰ ਗਈਆਂ ।
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥
ਜਿਨ੍ਹਾਂ ਦੀਆਂ ਮੱਝਾਂ ਸਨ ਜਦੋਂ ਉਨਾਂ ਨੂੰ ਪਤਾ ਲੱਗਾ ਕਿ ਇੱਕ ਸਾਧੂ ਦੇ ਸਹਿਜ ਸੁਭਾ ਕਹੇ ਬਚਨ ਨਾਲ ਹੀ ਮੱਝਾਂ ਮਰ ਗਈਆਂ ਹਨ ਤਾਂ ਉਹ ਮਹਾਰਾਜ ਜੀ ਕੋਲ ਆ ਕੇ ਵਿਰਲਾਪ ਕਰਨ ਲੱਗੇ । ਉਨ੍ਹਾਂ ਦਾ ਵਿਰਲਾਪ ਸੁਣਕੇ ਮਹਾਰਾਜ ਜੀ ਦੇ ਮਨ ਵਿੱਚ ਦਇਆ ਆ ਗਈ ਅਤੇ ਆਪਣੇ ਪਾਸੋਂ ਜਲ ਦੇ ਕੇ ਬਚਨ ਕੀਤਾ ਕਿ ਇਹ ਜਲ ਲੈ ਜਾਉ ਤੇ ਮੱਝਾਂ ਦੇ ਮੂੰਹਾ ਤੇ ਛਿੱਟੇ ਮਾਰੋ । ਉਨ੍ਹਾਂ ਨੇ ਅਜਿਹਾ ਹੀ ਕੀਤਾ ਤੇ ਮੱਝਾਂ ਜਿਊਂਦੀਆਂ ਹੋ ਗਈਆਂ । ਲੋਕਾਂ ਵਿੱਚ ਇਹ ਗੱਲ ਫੈਲ ਗਈ ਕਿ ਸੰਤ ਬਹੁਤ ਕਰਨੀ ਵਾਲੇ ਹਨ । ਫਿਰ ਉਥੇ ਲੋਕ ਬਹੁਤ ਆਉਣ ਜਾਣ ਲੱਗ ਪਏ ।ਮਹਾਰਾਜ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ ਸਨ । ਸੋ ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ । ਪਹਿਲੇ ਜਾਮੇ ਵਿੱਚ ਵੀ ਸੰਤ ਭਗਤੀ ਹੀ ਕਰਦੇ ਰਹਿੰਦੇ ਸਨ ।

ਸੰਤ ਬਚਨ ਕਰਨ ਲੱਗੇ ਕਿ ਮਾਸਟਰ , ਬਾਬਾ ਹੀਰਾ ਸਿੰਘ ਜੀ ਦੇ ਤੱਪ ਅਸਥਾਨ ਦੇ ਅੱਗੇ ਬੈਠ ਕੇ ਰੋਜ ਖੋਜ ਕੱਢਣੀ ਹੈ ਸਵਾਂ ਮਹੀਨਾ …..ਅੰਦਰੋਂ ਖੋਜੀ , ਨਿਸ਼ਚਾ ਰੱਖੀਂ , ਨਿਸ਼ਕਾਮ ਸੇਵਾ ਕਰੀ ਚੱਲੀ ਆਪੇ ਪਤਾ ਲੱਗ ਜਾਊ । ਸੇਵਾ ਕਰੀਂ ਚੱਲੀ । ਪੂਰਨ ਬ੍ਰਹਮ ਗਿਆਨੀ ਸਨ ਸੰਤ ਬਾਬਾ ਹੀਰਾ ਸਿੰਘ ਜੀ । ਰਸਤਾ ਉਨਾਂ ਪਾਸੋਂ ਪੁੱਛਦਾ ਰਿਹਾ ਕਰ….
ਆਵਨ ਜਾਨੁ ਇਕੁ ਖੇਲੁ ਬਨਾਇਆ ॥
ਆਗਿਆਕਾਰੀ ਕੀਨੀ ਮਾਇਆ ॥
ਹੱਠ ਰੱਖੀ । ਬਾਬਾ ਜੀ ਦੀ ਸੇਵਾ ਨਾ ਛੱਡੀ । ਸੰਗਤਾਂ ਨੂੰ ਅੰਮ੍ਰਿਤ ਵੇਲੇ ਬਾਣੀ ਦੇ ਅਰਥਾਂ ਦਾ ਬੋਧ ਕਰਵਾਉਂਦਾ ਰਹੀਂ । “ਮਾਸਟਰ ਨਾਂ ਕੀ ਤੇਰਾ ? “, ਸੰਤਾਂ ਨੇ ਪੁੱਛਿਆ ।
…. ਜੀ ਹਰਭਜਨ ਸਿੰਘ ।
ਭਜਨ ਕਰੀਂ ਗੋਬਿੰਦ ਦਾ । ਫੁਰਨੇ ਨਹੀਂ ਰੱਖਣੇ ।
ਸੰਤਾਂ ਨੇ ਦਾਸ ਨੂੰ ਇੱਕ ਸ਼ਬਦ ਦਿੱਤਾ ਜੋ ਰਾਮਕਲੀ ਰਾਗ ਵਿੱਚ 930 ਅੰਗ ਤੇ ਸ਼ੁਸ਼ੋਭਿਤ ਹੈ ।
ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥
ਇਸ ਸ਼ਬਦ ਦਾ ਅਭਿਆਸ 40 ਦਿਨ ਸੰਤਾਂ ਦੇ ਅਸਥਾਨ ਤੇ ਜਾ ਕੇ ਕਰਨਾ ਅਤੇ 40 ਦਿਨ ਬਾਅਦ ਆ ਕੇ ਸਾਨੂੰ ਦੱਸੀ ਕਿ ਤੈਨੂੰ ਕੀ ਅਨੁਭਵ ਹੋਇਆ ? ਦਾਸ ਨੇ ਹਰ ਰੋਜ ਬੜੇ ਚਾਅ ਨਾਲ ਗੁਰਦੁਆਰਾ ਸਾਹਿਬ ਜਾ ਕੇ ਸੰਤਾਂ ਦੇ ਅਸਥਾਨ ਦੇ ਅੱਗੇ ਬੈਠ ਕੇ ਕੁਝ ਸਮਾਂ ਇਸ ਸ਼ਬਦ ਦਾ ਜਾਪ ਕਰਨਾ । ਇਸ ਤਰਾਂ ਬੜ੍ਹੇ ਚਾਂਵਾਂ ਨਾਲ ਇਹ 40 ਦਿਨ ਪੂਰੇ ਕੀਤੇ ਤਾਂ ਜੋ ਕੋਈ ਅਨੁਭਵ ਹੋਵੇ ਤਾਂ ਸੰਤਾਂ ਨੂੰ ਜਾ ਕੇ ਦੱਸਾਂ । 40 ਦਿਨ ਪੂਰੇ ਹੋਣ ਤੇ ਦਾਸ ਆਪਣੀ ਧਰਮ ਪਤਨੀ ਤਜਿੰਦਰ ਕੌਰ , ਦਾਸ ਦੇ ਮਿੱਤਰ ਸ. ਹਿੰਮਤ ਸਿੰਘ ਦੀ ਧਰਮ ਪਤਨੀ ਪਰਵਿੰਦਰ ਕੋਰ ਅਤੇ ੳਂੁਕਾਰ ਸਿੰਘ ਨੂੰ ਨਾਲ ਲੈ ਕੇ ਸੰਤਾਂ ਪਾਸ ਗਿਆ । ਜਦੋਂ ਡੇਰੇ ਪਾਸ ਪਹੁੰਚੇ ਤਾਂ ਅਸੀਂ ਆਪਣੀ ਗੱਡੀ ਡੇਰੇ ਤੋ ਥੋੜੀ ਪਿਛਾਂਹ ਹੀ ਰੋਕ ਲਈ ਤੇ ਅਸੀਂ ਆਪਣੀ ਗੱਡੀ ਚੋ’ ਉੱਤਰ ਕੇ ਅਜੇ ਤੁਰਨ ਹੀ ਲੱਗੇ ਸੀ ਕਿ ਸੰਤਾਂ ਦਾ ਇੱਕ ਸੇਵਕ ਸਾਡੇ ਕੋਲ ਭੱਜਾ ਆਇਆ ਤੇ ਕਹਿਣ ਲੱਗਾ ਕਿ ਸੰਤਾਂ ਨੇ ਇਕੱਲੇ ਮਾਸਟਰ ਨੂੰ ਹੀ ਅੰਦਰ ਬੁਲਾਇਆ ਹੈ । ਦਾਸ ਹੈਰਾਨ ਹੋ ਗਿਆ ਕਿ ਉਨ੍ਹਾਂ ਦੀ ਦਿੱਬ ਦ੍ਰਿਸ਼ਟੀ ਕਿੰਨੀ ਕੁ ਤੇਜ ਹੋਵੇਗੀ ਕਿ ਜਿਨ੍ਹਾਂ ਨੇ ਗੱਡੀ ਦੀ ਅਵਾਜ ਤੋ ਹੀ ਪਹਿਚਾਣ ਲਿਆ ਕਿ ਮਾਸਟਰ ਆਇਆ ਹੈ ।
ਦਾਸ ਉਨ੍ਹਾਂ ਦੇ ਅਸਥਾਨ ਤੇ ਪੁੱਜਾ ਤੇ ਉਨ੍ਹਾਂ ਨੂੰ ਨਮਸਕਾਰ ਕੀਤੀ । ਉਹ ਆਪਣੇ ਅਸਥਾਨ ਦੇ ਬਾਹਰ ਇੱਕ ਪੱਥਰ ਉੱਪਰ ਬੈਠੇ ਹੋਏ ਸਨ ਤੇ ਕਹਿਣ ਲੱਗੇ ਤੈਨੂੰ ਕੀ ਅਨੁਭਵ ਹੋਇਆ ? ਦਾਸ ਦੇ ਦੱਸਣ ਤੇ ਕਿ ਕੋਈ ਅਨੁਭਵ ਨਹੀਂ ਹੋਇਆ! ਤਾਂ ਕਹਿਣ ਲੱਗੇ ਤੈਨੂੰ ਆਪ ਨੂੰ ਕੋਈ ਪ੍ਰਾਪਤੀ ਹੋਈ ਨਹੀਂ ਤੇ ਦੂਜਿਆ ਨੂੰ ਪਹਿਲਾਂ ਨਾਲ ਲੈ ਆਇਆ । ਦਾਸ ਨੇ ਬੇਨਤੀ ਕੀਤੀ ਕਿ ਤੁਸੀਂ ਹੀ ਕੋਈ ਜੁਗਤੀ ਦੱਸ ਦਿਉ ਤੇ ਕਹਿਣ ਲੱਗੇ ਕਿ ਬੱਚੇ ਕਿਵਂੇਂਪੜ੍ਹਾੳਂੁਦਾ ਹੁੰਦਾ ? ਕੀ ਬੱਚੇ ਪੜ੍ਹਾਉਣ ਲਈ ਕੋਈ ਜੁਗਤੀ ਨਹੀਂ ਵਰਤਦਾ ? ਜਦੋਂ ਦਾਸ ਨੇ ਕਿਹਾ ਕਿ ਜੀ ਕਈ ਜੁਗਤਾਂ ਵਰਤ ਲੈਦੇ ਹਾਂ ਤਾਂ ਸੰਤ ਕਹਿਣ ਲੱਗੇ ਕਿ ਇੱਥੇ ਵੀ ਜੁਗਤ ਹੀ ਵਰਤਣੀ ਸੀ……….
ਸੰਤ ਰਮਜ਼ ਦਿੰਦੇ ਹਨ ਰਾਜ਼ ਨਹੀਂ ਦਿੰਦੇ

ਜਨਮ ਅਤੇ ਪੁਸ਼ਤਨਾਮਾ —>ਤੱਤਕਰਾ

ਪੰਜਾਬ ਦੀ ਧਰਤੀ ਨੂੰ ਇਸ ਦੁਨੀਆਂ ਅੰਦਰ ਵਿਸ਼ੇਸ਼ ਸਥਾਨ ਪ੍ਰਾਪਤ ਹੈ, ਜੇਕਰ ਸੰਤਾਂ ਦੀ ਧਰਤੀ ਦੀ ਗੱਲ ਕਰੀਏ ਤਾਂ ਇਹ ਮਾਣ, ਰੁਤਬਾ ਜਾਂ ਖ਼ਿਤਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਨੂੰ ਹਾਸਿਲ ਹੈ । ਬਾਬਾ ਜੀ ਵੀ ਉਹਨਾਂ ਸੰਪੂਰਨ ਮਹਾਂਪੁਰਸ਼ਾਂ ਵਿੱਚੋਂ ਇੱਕ ਸਨ ਜਿਨ੍ਹਾਂ ਸਦਕਾ ਅੱਜ ਅਸੀਂ ਹੁਸ਼ਿਆਰਪੁਰ ਦੀ ਧਰਤੀ ਨੂੰ ਸੰਤਾਂ ਦੀ ਧਰਤੀ ਹੋਣ ਦਾ ਸਤਿਕਾਰ ਦਿੰਦੇ ਹਾਂ । ਬਾਬਾ ਜੀ ਦਾ ਜੀਵਨ ਇੱਕ ਅਲੌਕਿਕ ਜੀਵਨ ਸੀ । ਬਾਬਾ ਜੀ ਦਾ ਜਨਮ ਪਿੰਡ ਤੇ ਡਾਕ: ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲੇਹਲ ਪਰਿਵਾਰ ਵਿੱਚ ਹੋਇਆ । ਬਾਬਾ ਜੀ ਦਾ ਪੁਸ਼ਤਨਾਮਾ ਇਸ ਪ੍ਰਕਾਰ ਹੈ :

ਬੀਬੀ ਜੀਵੇ ਸ਼ਾਹ ਜੀ ਦਾ ਬਿਹਾਲੇ ਆਉਣਾ—>ਤੱਤਕਰਾ

ਬੀਬੀ ਜੀਵੇ ਸ਼ਾਹ ਜੀ ਬਾਬਾ ਗੁਲਾਬ ਸ਼ਾਹ ਜੀ (ਮੈਲੀ ਵਾਲਿਆਂ) ਦੇ ਸਕੀ ਭਤੀਜੀ ਸਨ । ਬਾਬਾ ਗੁਲਾਬ ਸ਼ਾਹ ਜੀ ਬਹੁਤ ਭਜਨ-ਬੰਦਗੀ ਵਾਲੇ ਮਹਾਪੁਰਸ਼ ਸਨ । ਬੀਬੀ ਜੀ ਨੇ ਬਾਬਾ ਗੁਲਾਬ ਸ਼ਾਹ ਜੀ ਦੀ ਤਨੋ-ਮਨੋ ਸੇਵਾ ਕੀਤੀ ਸੀ । ਉਹ ਮੈਲੀ ਪਿੰਡ ਦੇ ਜੰਮਪਲ ਸਨ । ਇਹ ਅਸਥਾਨ ਪਹਾੜੀ ਦੇ ਦਰਿਮਿਆਨ ਸਥਿਤ ਹੈ । ਇਹ ਬਹੁਤ ਹੀ ਠੰਡੀ ਸ਼ੀਤਲਤਾ ਦੇਣ ਵਾਲੀ ਅਤੇ ਮਨ ਨੂੰ ਸ਼ਾਤੀ ਦੇਣ ਵਾਲੀ ਜਗ੍ਹਾ ਹੈ । ਜਿੱਥੇ ਕਿ ਬਾਬਾ ਗੁਲਾਬ ਸ਼ਾਹ ਜੀ ਬੈਠ ਕੇ ਭਜਨ ਬੰਦਗੀ ਕਰਦੇ ਸਨ । ਪਰ ਜੋ ਹੁਣ ਡੇਰਾ ਹੈ ਉਹ ਰੋਡੀਆ ਦਾ ਡੇਰਾ ਕਹਾਉਂਦਾ ਹੈ । ਉੱਥੇ ਦੀ ਇਹ ਪ੍ਰਮਪਰਾ ਹੈ ਕਿ ਬੀਬੀਆਂ ਹੀ ਸੇਵਾ ਕਰਦੀਆਂ ਹਨ ਪਰ ਸਿਰ ਬਿਲਕੁੱਲ ਰੋਡਾ ਹੈ । ਬਾਬਾ ਗੁਲਾਬ ਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਸਦਕਾ ਬੀਬੀ ਜੀਵੇ ਸ਼ਾਹ ਜੀ ਦੀ ਸੇਵਾ ਦੇਖ ਕੇ ਉਨ੍ਹਾਂ ‘ਤੇ ਬਖਸ਼ਿਸ਼ ਕਰ ਦਿੱਤੀ । ਇਸੇ ਤਰ੍ਹਾਂ ਬੀਬੀ ਜੀ ਨੇ ਬਾਬਾ ਹੀਰਾ ਸਿੰਘ ਜੀ ‘ਤੇ ਕਿਰਪਾ ਕੀਤੀ ਸੀ । ਦੀਵਾ ਬੱਤੀ ਪਹਿਲਾਂ ਹੀ ਤਿਆਰ ਸੀ , ਬਸ ਜੋਤ ਜਗਾਉਣੀ ਬਾਕੀ ਸੀ । ਬਾਬਾ ਗੁਲਾਬ ਸ਼ਾਹ ਜੀ ਨੇ ਭਾਂਡਾ ਸਾਫ ਦੇਖਕੇ ਬੀਬੀ ਜੀਵੇ ਸ਼ਾਹ ਜੀ ਤੇ ਕਿਰਪਾ ਕਰ ਦਿੱਤੀ , ਜੋਤ ਜਗ੍ਹਾ ਦਿੱਤੀ ।
ਆਪਣੇ ਸੇਵਕ ਤੇ ਬਖ਼ਸ਼ਿਸ਼ਾ ਦਾ ਮੀਂਹ ਵਰਸਾਉਣ ਲਈ ਬੀਬੀ ਜੀਵੇ ਸ਼ਾਹ ਜੀ ਬਿਹਾਲੇ ਬਾਬਾ ਜੀ ਪਾਸ ਪਹੁੰਚ ਗਏ । ਬਾਬਾ ਹੀਰਾ ਸਿੰਘ ਜੀ ਉਨ੍ਹਾਂ ਦੀ ਤਨੋ-ਮਨੋ ਸੇਵਾ ਕਰਦੇ ਅਤੇ ਹਰ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਪਰ ਬੀਬੀ ਜੀ ਨੇ ਹਰ ਰੋਜ਼ ਦਾਲ-ਸਬਜ਼ੀ ਛਕ ਲੈਣੀ ਅਤੇ ਹਰ ਰੋਜ਼ ਦਾ ਪ੍ਰਸ਼ਾਦਾ ਉੱਪਰ ਛੰਨ ਵਿੱਚ ਰੱਖੀ ਜਾਣਾ । ਬਾਬਾ ਜੀ ਨੂੰ ਕੋਈ ਪਤਾ ਨਾ ਲੱਗਣ ਦੇਣਾ । ਹੌਲ਼ੀ-ਹੌਲ਼ੀ ਬੀਬੀ ਜੀ ਦਾ ਸਰੀਰ ਬਹੁਤ ਕਮਜ਼ੋਰ ਹੋਣ ਲੱਗ ਪਿਆ । ਇਹ ਦੇਖਕੇ ਬਾਬਾ ਜੀ ਨੇ ਬੀਬੀ ਜੀਵੇ ਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦਾ ਸਰੀਰ ਬਹੁਤ ਕਮਜ਼ੋਰ ਹੋਣ ਲੱਗ ਪਿਆ ਹੈ ਤਾਂ ਬੀਬੀ ਜੀ ਨੇ ਅੰਦਰੋ ਛੇ ਮਹੀਨੇ ਦੇ ਪ੍ਰਸ਼ਾਦੇ ਕੱਢ ਕੇ ਅੱਗੇ ਰੱਖ ਦਿੱਤੇ । ਬਾਬਾ ਜੀ ਇਹ ਸਭ ਦੇਖ ਕੇ ਹੱਕੇ-ਬੱਕੇ ਰਹਿ ਗਏ । ਫਿਰ ਬੀਬੀ ਜੀ ਨੂੰ ਬੇਨਤੀ ਕੀਤੀ ਕਿ ਆਪ ਪ੍ਰਸ਼ਾਦਾ ਛਕੋ ਤਾਂ ਬੀਬੀ ਜੀ ਕਹਿਣ ਲੱਗੇ ਕਿ ਘੋੜੇ ਨੂੰ ਲਗਾਮ ਦੇਣੀ ਪੈਦੀ ਹੈ । ਜੇ ਜਿਆਦਾ ਤੰਗ ਕਰੇ ਤਾਂ ਉਸਦਾ ਦਾਣਾ-ਪਾਣੀ ਬੰਦ ਕਰ ਦਿਉ । ਸੰਤ ਬਣਨਾ ਤੇ ਇਹੋ ਜਿਹਾ ਬਣੀ । ਬਸ ਉਨ੍ਹਾਂ ਦੇ ਹੁੱਕਮ ਹੋਣ ਦੀ ਹੀ ਦੇਰ ਸੀ ਕਿ 12 ਸਾਲ ਢਾਈ ਚਮਚੇ ਹੀ ਖਾ ਕੇ ਭਗਤੀ ਕੀਤੀ ।
ਫਿਰ ਇਤਨੀ ਬੰਦਗੀ ਕੀਤੀ ਕਿ ਅੱਖਾਂ ਦੇ ਭਰਵੱਟੇ ਥੱਲੇ ਆ ਚੁੱਕੇ ਸਨ ਤੇ ਨੇਤਰ ਉਤਾਂਹ ਚੜ੍ਹ ਗਏ ਸਨ । ਜੋ ਇਸ ਸਮੇਂ ਗੁਰਦੁਆਰਾ ਸਾਹਿਬ ‘ਚ ਭੋਰਾ ਹੈ ਪਹਿਲਾਂ ਇਥੇ ਭਗਤੀ ਕਰਿਆ ਕਰਦੇ ਸਨ ਪਰ ਫਿਰ ਗੁਰਦੁਆਰਾ ਸਾਹਿਬ ਦੇ ਨਾਲ ਸਕੂਲ ਬਣ ਗਿਆ ਅਤੇ ਰੌਲ਼ਾ ਜਿਆਦਾ ਪੈਣ ਲੱਗ ਪਿਆ । ਫਿਰ ਸੰਤ ਦਿਨ ਵੇਲੇ ਦੂਸਰੇ ਪਾਸੇ ਜਿੱਥੇ ਇਸ ਸਮੇਂ ਕੁਟੀਆ ਸਾਹਿਬ ਸ਼ੁਸ਼ੋਭਿਤ ਹੈ ਉੱਥੇ ਭਗਤੀ ਕਰਿਆ ਕਰਦੇ ਅਤੇ ਰਾਤ ਸਮੇਂ ਗੁਰਦੁਆਰਾ ਸਾਹਿਬ ਆ ਜਾਂਦੇ । ਦੋਨਾਂ ਭੋਰਿਆਂ ਵਿੱਚ ਇੱਕ ਲੱਤ ਦੇ ਭਾਰ ਖੜ੍ਹੇ ਹੋ ਕੇ , ਆਪਣੇ ਕੇਸ ਉੱਪਰ ਰੱਸੀ ਨਾਲ ਬੰਨ ਲੈਣੇ ਤਾਂ ਕਿ ਨੀਂਦ ਨਾ ਆ ਸਕੇ । ਅੱਠੇ ਪਹਿਰ ਉਸ ਅਕਾਲਪੁਰਖ ਵਾਹਗਿੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ । ਸੰਤਾਂ ਨੇ ਆਪਣੇ ਸੇਵਕਾ ਨੂੰ ਕਹਿ ਦੇਣਾ ਕਿ ਮੇਰੇ ਕਮਰੇ ਨੂੰ ਬਾਹਰੋਂ ਜਿੰਦਾ ਲਗ਼ਾ ਦਿਉ ਅਤੇ ਬੀਬੀ ਜੀ ਦੇ ਕਮਰੇ ਨੂੰ ਵੀ ਬਾਹਰੋਂ ਜਿੰਦਰਾ ਲਗਵਾ ਦੇਣਾ ਅਤੇ ਦੋਵੇ ਰੂਹਾਂ ਹਰ ਸਮੇ ਉਸ ਰੱਬੀ ਰੰਗ ਵਿੱਚ ਰੰਗੀਆਂ ਰਹਿੰਦੀਆ ਸਨ । ਬੀਬੀ ਜੀ ਛੇ ਮਹੀਨੇ ਬਿਹਾਲੇ ਰਹੇ । 125 ਸਾਲ ਦੀ ਆਯੂ ਬੀਬੀ ਜੀਵੇ ਸ਼ਾਹ ਜੀ ਦੀ ਹੋਈ ਹੈ ।
ਪੰਜਾਬੀ ਦੇ ਇੱਕ ਕਵੀ ਨੇ ਐਸੇ ਮਹਾਪੁਰਸ਼ਾਂ ਪ੍ਰਥਾਏ ਲਿਖਿਆ ਹੈ:-
ਜਿਨ੍ਹਾਂ ਨਾਲ ਸਾਈ ਦੇ ਲਾ ਲਈਆਂ,
ਉਹ ਹਿਜ਼ਰ ਦੇ ਮਾਰੇ ਨਹੀਂ ਸੌਂਦੇ ।
ਸਭ ਦੁਨੀਆਂ ਐਸ਼ ਆਰਾਮ ਕਰੇ,
ਇੱਕ ਹਰੀ ਦੇ ਪਿਆਰੇ ਨਹੀਂ ਸੌਂਦੇ ।
ਜਿਹਨੂੰ ਗਿਆਨ ਵੈਰਾਗ ਦਾ ਘੁਣ ਲੱਗਾ,
ਉਸ ਘਰ ਦੇ ਸਾਰੇ ਨਹੀਂ ਸੌਂਦੇ ।
ਦਿੱਸੇ ਚੜ੍ਹੀ ਖੁਮਾਰੀ ਰਾਤ ਦਿਨੇ,
ਪਰ ਉਹ ਵਿਚਾਰੇ ਨਹੀਂ ਸੌਂਦੇ ।
ਉਹ ਰੱਬ ਰੱਬ ਕਰਨ ਦਿਨੇ ਰਾਤੀ,
ਲੱਗੇ ਰੱਬ ਦੀ ਕਾਰੇ ਨਹੀਂ ਸੌਂਦੇ ।
ਜਿਸ ਰਾਤ ਨੂੰ ਸੋਹਣਾ ਚੰਦ ਨਾ ਚੜ੍ਹੇ,
ਉਸ ਰਾਤ ਨੂੰ ਤਾਰੇ ਨਹੀਂ ਸੌਂਦੇ ।
ਸਭ ਦੁਨੀਆਂ ਐਸ਼ ਆਰਾਮ ਕਰੇ,
ਇੱਕ ਹਰੀ ਦੇ ਪਿਆਰੇ ਨਹੀਂ ਸੌਂਦੇ ।

ਫਿਰ ਬਹੁਤ ਕਠਿਨ ਤਪੱਸਿਆ ਸਾਧ ਕੇ ਇਨ੍ਹਾਂ ਪੰਜਾਂ ਚੋਰਾਂ ਨੂੰ ਲਗਾਮ ਦੇ ਕੇ ਸਾਧਿਆ । ਧਿਆਨ ਬਾਬਾ ਈਸ਼ਰ ਸਿੰਘ ਜੀ ਦਾ ਤੇ ਸਿਮਰਨ ਬਾਬਾ ਹੀਰਾ ਸਿੰਘ ਜੀ ਦਾ । ਸੰਤ ਬਾਬਾ ਜਵਾਲਾ ਸਿੰਘ ਜੀ ਸੰਗਤ ਨਾਲ ਬਚਨ ਕਰਿਆ ਕਰਦੇ ਹੁੰਦੇ ਸਨ ਕਿ ਪਹਿਲਾ ਬਾਬਾ ਬਕਾਲੇ ਸੀ ਤੇ ਹੁਣ ਬਾਬਾ ਬਿਹਾਲੇ ਹੈ । ਬਕਾਲੇ ਸ਼ਹਿਰ ਵਿੱਚ ਭਾਰੀ ਤਪੱਸਿਆ ਕਰਨ ਵਾਲੇ , ਸ਼੍ਰੀ ਗੁਰੂ ਤੇਗ ਬਹਾਦੁਰ ਜੀ , ਆਪਣੇ ਸੰਤ ਸਰੂਪ ਵਿੱਚ ਬਿਹਾਲੇ ਆ ਕੇ ਕਠਿਨ ਤਪੱਸਿਆ ਸਾਧ ਰਹੇ ਹਨ । ਇਨ੍ਹਾਂ ਉਰੋਕਤ ਬਚਨਾਂ ਦਾ ਭਾਵ ਇਹੀ ਹੈ ਕਿ ਹਰੀ ਸਰੂਪ , ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨਾਲ ਇਸ ਗੁਰਵਾਕ ਅਨੁਸਾਰ ਅਭੇਦ ਹੋ ਚੁੱਕੇ ਹਨ :

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ॥
ਜਲ ਤੇ ਉਪਜਿ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥60॥

ਸਾਧ ਕੀ ਮਹਿਮਾ—>ਤੱਤਕਰਾ

ਸਾਧ ਕੀ ਮਹਿਮਾ ਬੇਦ ਨ ਜਾਨਹਿ ॥
ਜੇਤਾ ਸੁਨਹਿ ਤੇਤਾ ਬਖਿਆਨਹਿ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 272 )
ਸੰਤਾਂ ਦੀ ਮਹਿਮਾ ਤਾਂ ਵੇਦ ਵੀ ਨਹੀਂ ਜਾਣ ਸਕਦੇ । ਲਿਖਣ ਵਾਲਾ ਤਾਂ ਉਹੀ ਕੁੱਝ ਲਿੱਖ ਸਕਦਾ ਜੋ ਉਸਨੇ ਵਿਚਰਦਾ ਵੇਖਿਆ ਹੈ । ਜੋ ਕੁਝ ਸੰਤਾਂ ਦੇ ਮਨ ਅੰਦਰ ਹੈ, ਉਹ ਤਾਂ ਕੋਈ ਨਹੀਂ ਜਾਣ ਸਕਦਾ । ਸੰਤ ਤਾਂ ਜੋ ਕੁਝ ਚਾਹੁਣ ਉਹੀ ਕਰ ਸਕਦੇ ਹਨ ਕਿੳਂੁਕਿ ਪਰਮਾਤਮਾ ਆਪ ਉਨ੍ਹਾਂ ਦੀ ਰਸਨਾ ਤੇ ਬੈਠਾ ਹੁੰਦਾ ਹੈ ।
ਬਿਨੁ ਦਮ ਕੇ ਸਉਦਾ ਨਹੀਂ ਹਾਟ ॥
ਬਿਨੁ ਬੋਹਿਥ ਸਾਗਰ ਨਹੀਂ ਵਾਟ ॥
ਬਿਨੁ ਗੁਰ ਸੇਵੇ ਘਾਟੇ ਘਾਟਿ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 226 )
ਭਾਵ ਪੈਸੇ ਤਂੋ ਬਿਨਾ ਸੌਦਾ ਨਹੀਂ ਮਿਲਦਾ ਇਸੇ ਤਰਾ ਪੁੰਨਾਂ ਤੋ ਬਿਨਾ ਨਾਮ ਨਹੀਂ ਮਿਲਦਾ ।ਪੁੰਨ ਬਣਦੇ ਹਨ ਮਹਾਪੁਰਖਾਂ ਦੀ ਸੰਗਤ ਕਰਕੇ । ਜੀਵ ਜਿਹੋ ਜਿਹੀ ਸੰਗਤ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ । ਨਾਮ ਸਿਮਰਨ ਵਾਸਤੇ ਹੇਠ ਲਿਖੀਆ ਗੱਲਾ ਜਰੂਰੀ ਹਨ ।
1 ਧਿਆਨ 2 ਸਿਮਰਨ 3 ਗਿਆਨ 4 ਹੱਠ
1 ਧਿਆਨ- ਧਿਆਨ ਕੱਛੂ ਵਰਗਾ ਹੋਣਾ ਚਾਹੀਦਾ ਹੈ ਜੋ ਧਿਆਨ ਦੀ ਸ਼ਕਤੀ ਨਾਲ ਬਰੇਤੀ ਵਿਚ ਆਂਡਿਆਂ ਨੂੰ ਤੱਕਦਾ-ਤੱਕਦਾ ਆਂਡਿਆਂ ਵਿਚੋ ਬੱਚੇ ਕੱਢਕੇ ਪਾਣੀ ਵਿਚ ਲੈ ਆਉਦਾ ਹੈ ।
ਕਛੂ ਅੰਡਾ ਸੇਂਵਦਾ ਜਲ ਬਾਹਰਿ ਧਰਿ ਧਿਆਨੁ ਧਰੰਦਾ ।
( ਭਾਈ ਗੁਰਦਾਸ ਜੀ )
2 ਸਿਮਰਨ- ਕੂੰਜ ਸਿਮਰਨ ਦੀ ਸ਼ਕਤੀ ਨਾਲ ਪਹਾੜਾਂ ਵਿਚ ਬੈਠੇ ਬੱਚਿਆਂ ਨੂੰ ਰੋਟੀ (ਭੋਜਨ) ਪਹੁੰਚਾਉਦੀ ਹੈ । ਗੁਰਬਾਣੀ ਫੁਰਮਾਨ ਕਰਦੀ ਹੈ ਕਿ
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 10 )
3 ਗਿਆਨ-ਗਿਆਨ ਹੰਸ ਵਰਗਾ ਹੋਣਾ ਜਰੂਰੀ ਹੈ ਹੰਸ ਜਦੋ ਵੀਂ ਦੁੱਧ ਵਿਚ ਚੁੰਂਝ ਪਾਉਦਾ ਹੈ ਦੁੱਧ ਵੱਖ ਹੋ ਜਾਂਦਾ ਹੈ ਅਤੇ ਪਾਣੀ ਵੱਖ ਹੋ ਜਾਂਦਾ ਹੈ।
ਹੰਸਹੁ ਹੰਸ ਗਿਆਨੁ ਕਰਿ ਦੁਧੈ ਵਿਚਹੁ ਕਢੈ ਪਾਣੀ ।
( ਭਾਈ ਗੁਰਦਾਸ ਜੀ )
4 ਹੱਠ-ਹੱਠ ਪਤੰਗੇ ਵਰਗਾ ਹੋਣਾ ਚਾਹੀਦਾ ਹੈ। ਜਦੋ ਦੀਵਾ ਜਗ ਪੈਦਾ ਹੈ,ਚਾਹੇ ਉਸਨੂੰ ਕੋਈ ਲਾਲਚ ਦੇਵੇ ਜਾਂ ਜਬਰਦਸਤੀ ਉਸਨੂੰ ਕੋਈ ਰੋਕੇ ਉਹ ਦੀਵੇ ਤੇ ਆ ਕੇ ਸੜ ਜਾਂਦਾ ਹੈ। ਭਾਵ ਆਪਾ ਆਪ ਕੁਰਬਾਨ ਕਰ ਦਿੰਦਾ ਹੈ ਪਰ ਪਿਛੇ ਨਹੀਂ ਮੁੜਦਾ।
ਤੇ ਵਿਰਲੇ ਸੈਂਸਾਰ ਵਿਚਿ ਦਰਸਨ ਜੋਤਿ ਪਤੰਗ ਮਿਲੰਦੇ ।
( ਭਾਈ ਗੁਰਦਾਸ ਜੀ )
ਅਜਿਹੇ ਗੁਣ ਕਿੱਥੋ ਮਿਲਦੇ ਹਨ । ਸੰਤਾਂ ਮਹਾਪੁਰਖਾਂ ਦੀ ਸੰਗਤ ਕਰਕੇ । ਨਾਮ ਜਪਣ ਵਾਲਾ ਸੰਤ ਮਾੜੇ ਕਰਮਾਂ ਨੂੰ ਬਦਲ ਸਕਦਾ ਹੈ । ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ । ਹੋਰ ਕਿਸੇ ਵਿਦਵਤਾ ਨਾਲ ਚੀਜ਼ ਦੀ ਪਰਖ ਤਾਂ ਹੋ ਸਕਦੀ ਹੈ ਪਰ ਮਾੜੀ ਚੀਜ਼ ਤੋ ਚੰਗੀ ਚੀਜ਼ ਦੀ ਪਰਖ ਤਾਂ ਨਾਮ ਜਪਣ ਵਾਲਾ ਸੰਤ-ਸਾਧੂ ਹੀ ਕਰ ਸਕਦਾ ਹੈ । ਜਿਵੇਂ ਹੰਸ ਪਾਣੀ ਤੋ ਦੁੱਧ ਵੱਖ ਕਰ ਸਕਦਾ ਹੈ, ਪਰ ਪਾਣੀ ਤੋ ਦੁੱਧ ਬਣਾ ਨਹੀਂ ਸਕਦਾ । ਜੋਤਸ਼ੀ ਕਿਸੇ ਸਮਂੇ ਬਾਰੇ ਦੱਸ ਸਕਦਾ ਹੈ, ਪਰ ਉਹ ਮਾੜੇ ਨੂੰ ਚੰਗੇ ਵਿੱਚ ਬਦਲ ਨਹੀਂ ਸਕਦਾ ।
ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਜੋਤਸ਼ੀ ਰਹਿੰਦਾ ਸੀ । ਇੱਕ ਦਫ਼ਾ ਰਾਜੇ ਦਾ ਦਰਬਾਰ ਲੱਗਿਆ ਹੋਇਆ ਸੀ । ਉਸ ਦੇ ਅਮੀਰ-ਵਜੀਰ ਸਾਰੇ ਕੋਲ ਬੈਠੇ ਸਨ । ਜੋਤਸ਼ੀ ਵੀ ਰਾਜੇ ਦੇ ਕੋਲ ਹੀ ਬੈਠਾ ਸੀ । ਇੱਕ ਮਹਾਪੁਰਸ਼ ਸੰਤ ਮਹਾਤਮਾ ਜੋ ਰਾਜੇ ਦੇ ਗੁਰੂ ਸਨ, ਦਰਬਾਰ ਵਿੱਚ ਆ ਗਏ । ਰਾਜੇ ਨੇ ਪੂਰਾ-ਪੂਰਾ ਸਤਿਕਾਰ ਕੀਤਾ । ਸੰਤਾਂ ਨੂੰ ਆਪਣੇ ਤੋਂ ੳੁੱਚੇ ਆਸਣ ਤੇ ਬਿਠਾਇਆ । ਇਹ ਦੇਖ ਕੇ ਜੋਤਸ਼ੀ ਜਰ ਨਾ ਸਕਿਆ । ਰਾਜੇ ਕੋਲ ਇੱਕ ਡੱਬੀ ਸੀ ਜਿਸ ਵਿੱਚ ਵਡਮੁੱਲਾ ਹੀਰਾ ਸੀ । ਰਾਜੇ ਨੇ ਜੋਤਸ਼ੀ ਨੂੰ ਕਿਹਾ ਕਿ ਜੋਤਿਸ਼ ਲਾ ਕੇ ਦੱਸੋ ਕਿ ਇਸ ਡੱਬੀ ਵਿੱਚ ਕੀ ਹੈ? ਜੋਤਸ਼ੀ ਨੇ ਕਿਹਾ ਕਿ ਇਸ ਡੱਬੀ ਵਿੱਚ ਹੀਰਾ ਹੈ । ਫਿਰ ਰਾਜੇ ਨੇ ਆਪਣੇ ਗੁਰੂ (ਸੰਤ) ਪਾਸੋਂ ਪੁੱਛਿਆ ਕਿ ਗੁਰੂ ਜੀ ਤੁਸੀਂ ਦੱਸੋ ਕਿ ਇਸ ਡੱਬੀ ਵਿੱਚ ਕੀ ਹੈ?
ਸੰਤਾਂ ਨੇ ਸੋਚਿਆ ਕਿ ਹੈ ਤੇ ਹੀਰਾ ਕਿਉਂਕਿ ਉਨ੍ਹਾਂ ਨੇ ਅੰਤਰਜਾਮਤਾ ਨਾਲ ਦੇਖ ਲਿਆ ਸੀ । ਪਰ ਹੁਣ ਜੇ ਜੋਤਸ਼ੀ ਦੇ ਮਗਰ ਲੱਗ ਕੇ ਅਸੀਂ ਵੀ ਕਹਿ ਦਿੱਤਾ ਕਿ ਹੀਰਾ ਹੈ ਤਾਂ ਸਾਰਾ ਦਰਬਾਰ ਕਹੇਗਾ ਕਿ ਸੰਤਾਂ ਨੇ ਵੀ ਜੋਤਸ਼ੀ ਦੇ ਕਹਿਣੇ ਅਨੁਸਾਰ ਹੀ ਕਹਿ ਦਿੱਤਾ । ਇਹ ਵਿਚਾਰ ਕੇ ਸੰਤਾਂ ਨੇ ਕਿਹਾ ਰਾਜਨ ਇਸ ਡੱਬੀ ਵਿੱਚ ਸੱਪ ਹੈ । ਰਾਜਾ ਚੁੱਪ ਕਰ ਗਿਆ। ਸੋਚਦਾ ਹੈ ਕਿ ਜੇ ਡੱਬੀ ਖੋਲਦਾ ਹਾਂ ਤਾਂ ਇਸ ਵਿਚੋ ਹੀਰਾ ਨਿਕੱਲੇਗਾ ਜਿਸ ਨਾਲ ਮੇਰੇ ਗੁਰੂ ਦੀ ਬੇਇੱਜਤੀ ਹੋਵੇਗੀ। ਜੋਤਸ਼ੀ ਕਹਿਣ ਲੱਗਾ ਕਿ ਰਾਜਨ ਡੱਬੀ ਨੂੰ ਖੋਲੋ ਜੋ ਮੈ ਕਹਿ ਰਿਹਾ ਹਾਂ ਉਹ ਸੱਚ ਹੈ। ਇਸ ਡੱਬੀ ਨੂੰ ਦਰਬਾਰ ਵਿੱਚ ਹੀ ਖੋਲਿਆ ਜਾਵੇ। ਰਾਜਾ ਸੋਚੀਂ ਪੈ ਗਿਆ ਕਿਉਕਿ ਆਪਣੇ ਗੁਰੂ (ਸੰਤ) ਦੀ ਬੇਇੱਜਤੀ ਸਹਾਰਨੀ ਔਖੀ ਹੈ।
ਹੁਣ ਸੰਤਾਂ ਨੇ ਕਿਹਾ ਕਿ ਰਾਜਾ ਡਰ ਨਾ , ਸੰਕੋਚ ਨਾ ਕਰ ਡੱਬੀ ਖੋਲ੍ਹਦੇ । ਸੰਤਾਂ ਦੇ ਕਹਿਣ ਤੇ ਜਦੋ ਰਾਜੇ ਨੇ ਡੱਬੀ ਦਾ ਮੂੰਹ ਖੋਲਿਆ ਤਾਂ ਉਸ ਵਿੱਚੋ ਇੱਕ ਛੋਟਾ ਜਿਹਾ ਸੱਪ ਉੱਛਲ ਕੇ ਬਾਹਰ ਡਿੱਗ ਪਿਆ। ਇਹ ਦੇਖ ਕੇ ਸਭ ਹੈਰਾਨ ਹੋ ਗਏ।
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 306 )
ਸੋ ਪਿਆਰੇ ਗੁਰਮੁਖੋ, ਜੋਤਸ਼ੀ ਜੋ ਹੈ ਉਹ ਦੱਸ ਸਕਦਾ ਹੈ , ਬਦਲ ਨਹੀਂ ਸਕਦਾ। ਪਰ ਸੰਤ ਮਹਾਪੁਰਸ਼ (ਨਾਮ ਜਪਣ ਵਾਲਾ) ਦੱਸ ਵੀ ਸਕਦਾ ਹੈ ਤੇ ਉਸ ਨੂੰ ਬਦਲ ਵੀ ਸਕਦਾ ਹੈ। ਜੋ ਮਾਇਆ ਨੂੰ ਪੂਜਦੇ ਹਨ ਇਹ ਉਸਨੂੰ ਹੀ ਡੰਗ ਮਾਰਦੀ ਹੈ:-
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥2॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 510 )

ਜੈਤੋ ਦਾ ਮੋਰਚਾ, ਬਾਬਾ ਜੀ ਦੀ ਅਰਦਾਸ ਤੇ ਸੰਗਰਾਂਦ ਦੀ ਮਰਿਆਦਾ—>ਤੱਤਕਰਾ

ਜਦੋਂ ਸੰਨ 1923 ਵਿੱਚ ਜੈਤੋ ਦਾ ਮੋਰਚਾ ਲੱਗਿਆ ਤਾ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲਿਆ ਦੀ ਅਗਵਾਈ ਵਿੱਚ ਇੱਕ ਜੱਥਾ ਇਲਾਕਾ ਨਿਵਾਸੀਆ ਦਾ ਮੋਰਚੇ ਵਾਸਤੇ ਜਾ ਰਿਹਾ ਸੀ । ਉਨ੍ਹਾਂ ਨੇ ਸੰਤ ਬਾਬਾ ਹੀਰਾ ਸਿੰਘ ਜੀ ਨੂੰ ਨਾਲ ਚਲਣ ਲਈ ਕਿਹਾ । ਸੰਤਾਂ ਨੇ ਕਿਹਾ ਆਪ ਮੋਰਚੇ ਵਾਸਤੇ ਜਾਉ । ਮੈਂ ਇੱਥੇ ਤੱਪ ਅਸਥਾਨ ਤੇ ਆਪਦੀ ਚੜ੍ਹਦੀ ਕਲ਼ਾ ਵਾਸਤੇ ਅਖੰਡ ਪਾਠ ਸਾਹਿਬ ਰੱਖਾਂਗਾ । ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸਾ ਕਰ ਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ । ਮੋਰਚੇ ਵਿੱਚ ਸਿੱਖਾਂ ਦੀ ਜਿੱਤ ਹੋਈ ਅਤੇ ਵਾਪਸੀ ਤੇ ਵੀ ਜੱਥਾ ਬਿਹਾਲੇ ਰਾਹੀਂ ਹੋ ਕੇ ਗਿਆ । ਨਗਰ ਨਿਵਾਸੀਆਂ ਵਲੋ ਜੱਥੇ ਦਾ ਬੜੇ ਪਿਆਰ ਸਹਿਤ ਸਤਿਕਾਰ ਕੀਤਾ ਗਿਆ। ਉਦੋ ਤੋ ਹੀ ਸੰਤ ਬਾਬਾ ਹੀਰਾ ਸਿੰਘ ਜੀ ਨੇ ਇੱਕ ਮਰਿਯਾਦਾ ਬੰਨ੍ਹ ਦਿੱਤੀ ਕਿ ਹਰ ਸੰਗਰਾਂਦ ਨੂੰ ਇਸ ਅਸਥਾਨ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ ।
ਜਦੋ ਤੱਕ ਸੰਤ ਮਹਾਪੁਰਸ਼ ਪੰਜ ਭੂਤਕ ਸਰੀਰ ਵਿੱਚ ਰਹੇ , ਉਨ੍ਹਾਂ ਦੀ ਦੇਖ ਰੇਖ ਵਿੱਚ ਇਸ ਅਸਥਾਨ ਤੇ ਅਖੰਡ ਪਾਠ ਸਾਹਿਬ ਹੁੰਦਾ ਰਿਹਾ । ਉਨ੍ਹਾਂ ਤੋ ਬਾਅਦ ਵਿੱਚ ਨਗਰ ਨਿਵਾਸੀਆ ਵੱਲੋ ਲਗਾਤਾਰ ਅਖੰਡ ਪਾਠ ਸਾਹਿਬ ਜਾਰੀ ਹਨ । ਸਭ ਤੋਂ ਪਹਿਲਾ ਅਖੰਡ ਪਾਠਾਂ ਦੀ ਸੇਵਾ ਭਾਈ ਵਰਿਆਮ ਸਿੰਘ, ਭਾਈ ਗੰਗਾ ਸਿੰਘ, ਭਾਈ ਮੋਹਣ ਸਿੰਘ, ਭਾਈ ਬਲਵੰਤ ਸਿੰਘ, ਭਾਈ ਸੋਹਣ ਸਿੰਘ, ਭਾਈ ਰਾਮ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਭਾਈ ਪਿਆਰਾ ਸਿੰਘ ਆਦਿ ਮੁਖੀ ਪਿੰਡ ਨਿਵਾਸੀ ਨਿਭਾਇਆ ਕਰਦੇ ਸਨ । ਦਾਸ ਨੂੰ ਕੁੱਝ-ਕੁੱਝ ਯਾਦ ਹੈ ਜਦੋ ਪ੍ਰਇਮਰੀ ਜਮਾਤ ਵਿੱਚ ਪੜ੍ਹਿਆ ਕਰਦਾ ਸੀ (ਸੰਨ 1955 ਤੋ 1960) ਸੰਤਾਂ ਦੀ ਬਰਸੀ ਮਨਾਏ ਜਾਣ ਤੋ ਪਹਿਲਾਂ ਸਾਰੇ ਪਿੰਡ ਵਿੱਚ ਘੜਿਆਲ ਵਜਾ ਕੇ ਰਸਦ ਇਕੱਠੀ ਕੀਤੀ ਜਾਂਦੀ ਸੀ । ਦਾਸ ਉਨ੍ਹਾਂ ਦੇ ਨਾਲ ਹੋਇਆ ਕਰਦਾ ਸੀ । ਬੜੇ ਉਤਸ਼ਾਹ ਨਾਲ ਉਨ੍ਹਾਂ ਦੀ ਸਲਾਨਾ ਯਾਦ ਮਨਾਈ ਜਾਂਦੀ ਸੀ ਅਤੇ ਅੱਜ ਵੀ ਮਨਾਈ ਜਾਂਦੀ ਹੈ । ਬਾਬਾ ਵਰਿਆਮ ਸਿੰਘ ਜੀ ਹਰ ਸਮੇਂ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਸ਼ਾਦ ਵਰਤਾਉਣ ਲਈ ਹਾਜ਼ਰ ਰਹਿੰਦੇ ਸਨ ਅਤੇ ਭਾਈ ਮੀਹਾਂ ਸਿੰਘ ਜੀ ਵੀ ਉਚੇਚਾ ਆਪਣੇ ਪਿੰਡ ਨੈਣੋਵਾਲ ਧੁੱਿਗਆ ਤੋਂ ਬਿਹਾਲੇ ਪਹੁੰਚਦੇ ।
ਸੰਤ ਬਾਬਾ ਹੀਰਾ ਸਿੰਘ ਜੀ ਬਚਨ ਕਰਦੇ ਹੁੰਦੇ ਸਨ ਕਿ ਜਿਨ੍ਹਾ ਘਰਾਂ ਵਿੱਚੋ ਰਸਦਾਂ-ਵਸਤਾਂ ਆਉਦੀਆ ਹਨ, ਉਨ੍ਹਾਂ ਦੀ ਕਿਰਤ ਕਮਾਈ ਵਿੱਚ ਬਰਕਤਾਂ ਪੈਦੀਆ ਹਨ । ਜੋ ਹੱਥਾ ਨਾਲ ਸੇਵਾ ਕਰਦੇ ਹਨ ਉਨ੍ਹਾਂ ਦੇ ਹੱਥ ਸਫਲ । ਜੋ ਪੈਰ ਚੱਲਕੇ ਗੁਰੂ ਘਰਾਂ ਨੂੰ ਆਉਦੇ ਹਨ ਉਹ ਪੈਰ ਸਫਲ ਹਨ ਅਤੇ ਜੋ ਸੰਗਤ ਵਿੱਚ ਬੈਠ ਕੇ ਪਾਠ ਸੁਣਦੇ ਹਨ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹ ੈ।

ਸੰਤ ਬਾਬਾ ਹੀਰਾ ਸਿੰਘ ਜੀ ਦਾ ਸਿੰਘਾਂ ਨੂੰ ਸੱਦਣਾ—>ਤੱਤਕਰਾ

ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ ਵਾਲਿਆਂ) ਨੂੰ ਸੰਤ ਬਾਬਾ ਹੀਰਾ ਸਿੰਘ ਜੀ ਨੇ ਸੁਨੇਹਾ ਭੇਜਿਆ ਕਿ ਜੱਥੇਦਾਰ ਜਨਕ ਸਿੰਘ ਜੀ ਆਪਣੇ ਨਾਲ ਹੋਰ ਸਿੰਘ ਲਿਆ ਕੇ ਬਿਹਾਲੇ ਆ ਕੇ ਕਣਕ ਬੀਜ ਜਾਣ , ਤਾਂ ਸੰਤਾਂ ਨੇ ਜੱਥੇਦਾਰ ਜਨਕ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਆਪਣੇ ਹਲ ਲੈ ਜਾਉ ਤੇ ਬਿਹਾਲੇ ਜਾ ਕੇ ਕਣਕ ਬੀਜ ਕੇ ਆਉ । ਜੱਥੇਦਾਰ ਜਨਕ ਸਿੰਘ ਜੀ ਨੇ ਮਹਾਪੁਰਸ਼ਾਂ ਤੋਂ ਆਗਿਆ ਲਈ ਤੇ ਦੋਂ-ਤਿੰਨ ਬਲਦਾਂ ਦੀਆਂ ਜੋੜੀਆਂ ਨਾਲ ਲੈ ਕੇ ਸਿੰਘਾਂ ਸਮੇਤ ਬਿਹਾਲੇ ਨੂੰ ਚਲੇ ਗਏ । ਸ਼ਾਮ ਸਮੇ ਬਿਹਾਲੇ ਪਹੁੰਚ ਗਏ ਅਤੇ ਸ਼ਾਮ ਤੋਂ ਹੀ ਹਲ ਜੋੜ ਕੇ ਸਾਰੀ ਰਾਤ ਖੇਤ ਵਾਹੁਦੇ ਰਹੇ ।
ਖੇਤ ਤਿਆਰ ਕਰਨ ਪਿੱਛੋਂ ਬਾਕੀ ਸਿੰਘਾਂ ਨੇ ਫੁਰਨਾਂ ਕੀਤਾ ਕਿ ਜੱਥੇਦਾਰ ਜੀ ਰਗੜੇ ਦਾ ਇੰਤਜਾਮ ਕਰੋ । ਅਜੇ ਸਿੰਘ ਗੱਲਾਂ ਹੀ ਕਰ ਰਹੇ ਸਨ ਕਿ ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਸਿੰਘ ਜੀ ਭੋਰੇ ‘ਚੋ ਬਾਹਰ ਨਿੱਕਲੇ ਅਤੇ ਜੱਥੇਦਾਰ ਜਨਕ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਰਗੜੇ ਦੀ ਸਾਰੀ ਸਮੱਗਰੀ ਦੇ ਦਿੱਤੀ ਜੋ ਵੀ ਉਨ੍ਹਾਂ ਨੂੰ ਚਾਹੀਦੀ ਸੀ । ਸਿੰਘਾਂ ਨੇ ਜੱਥੇਦਾਰ ਜੀ ਕੋਲੋ ਸਾਰੀ ਸਮੱਗਰੀ ਲੈ ਕੇ ਰਗੜਾ ਤਿਆਰ ਕਰ ਲਿਆ । ਜੱਥੇਦਾਰ ਜਨਕ ਸਿੰਘ ਜੀ ਨੇ ਰਗੜਾ ਇੱਕ ਗਿਲਾਸ ‘ਚ ਪਾਇਆ ਤੇ ਮਹਾਪੁਰਸ਼ਾਂ ਦੇ ਅੱਗੇ ਜਾ ਹਾਜ਼ਰ ਕੀਤਾ ਤੇ ਕਿਹਾ ਬਾਬਾ ਜੀ ਪਹਿਲਾਂ ਆਪ ਛਕੋ ਫਿਰ ਅਸੀਂ ਛਕਾਗੇ ।
ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਕਿ ਭਾਈ ਜਨਕ ਸਿੰਘ ਜੀ ਅਸੀਂ ਨਹੀ ਛਕਣਾ ਤੇ ਸਿੰਘ ਕਹਿਣ ਲੱਗੇ ਬਾਬਾ ਜੀ ਜੇ ਤੁਸੀਂ ਨਹੀਂ ਛਕਣਾ ਤੇ ਅਸੀਂ ਵੀ ਨਹੀਂ ਛਕਣਾ । ਜੱਥੇਦਾਰ ਜਨਕ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਕਿਸ ਚੀਜ਼ ਦਾ ਡਰ ਹੈ, ਤੁਸੀਂ ਤਾਂ ਪੰਜੇ ਹੀ ਵਸ ਕਰ ਲਏ ਹਨ । ਬਾਬਾ ਜੀ ਕਹਿਣ ਲੱਗੇ ਕਿ ਭਾਈ ਜਨਕ ਸਿੰਘਾ, ਅਸੀਂ ਇਹ ਪੰਜ ਚੋਰ ਬੜੀ ਮੁਸ਼ਕਲ ਨਾਲ ਕਾਬੂ ਕੀਤੇ ਹਨ, ਪਰ ਇਨ੍ਹਾਂ ਦਾ ਕੋਈ ਭਰੋਸਾ ਨਹੀਂ ਕਿੱਧਰ ਨੂੰ ਭੱਜ ਜਾਣ ।

ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥
ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥
ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 905)

ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥ ਪੰਚ ਜਨਾ ਸਿਉ ਸੰਗੁ ਨਿਵਾਰੈ ॥ ਦਸ ਇੰਦ੍ਰੀ ਕਰਿ
ਰਾਖੈ ਵਾਸਿ ॥ ਤਾ ਕੈ ਆਤਮੈ ਹੋਇ ਪਰਗਾਸੁ ॥1॥ ਐਸੀ ਦ੍ਰਿੜਤਾ ਤਾ ਕੈ ਹੋਇ ॥ ਜਾ ਕਉ ਦਇਆ ਮਇਆ
ਪ੍ਰਭ ਸੋਇ ॥1॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 236)

ਮਹਾਪੁਰਸ਼ਾਂ ਦਾ ਹਰ ਸਮੇਂ ਸੀਸ ਨੀਵਾਂ ਰਹਿਣ ਕਰਕੇ ਛਾਤੀ ਨਾਲ ਲੱਗ ਚੁੱਕਾ ਸੀ ਤੇ ਲੱਤਾਂ ਸੁੱਜ-ਸੁੱਜ ਕੇ ਪੱਥਰ ਵਾਂਙੂੰ ਹੋ ਚੁੱਕੀਆਂ ਸਨ । 12 ਸਾਲ ਖੜ੍ਹੇ ਹੋ ਕੇ ਭਗਤੀ ਕੀਤੀ ।
ਇਹ ਸਨ ਕਮਾਈਆਂ ਉਨ੍ਹਾਂ ਮਹਾਪੁਰਸ਼ਾ ਦੀਆਂ । ਸੋ ਜੱਥੇਦਾਰ ਜਨਕ ਸਿੰਘ ਜੀ ਦੋਂ ਦਿਨ ਰਹਿ ਕੇ ਕਣਕ ਬੀਜ ਕੇ ਗਏ ।

ਸੰਤ ਜੱਗਾ ਸਿੰਘ ਜੀ ਦਾ ਬਿਹਾਲੇ ਆਉਣਾ—>ਤੱਤਕਰਾ

ਇੱਕ ਵਾਰ ਸੰਤ ਜੱਗਾ ਸਿੰਘ ਜੀ (ਸ਼੍ਰੀਮਾਨ ਹਰਖੋਵਾਲ ਵਾਲੇ) ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਸਿੰਘ ਜੀ ਦੇ ਦਰਸ਼ਨਾਂ ਲਈ ਬਿਹਾਲੇ ਆਏ । ਉਨ੍ਹਾਂ ਦੀ ਜਨਮ ਭੂਮੀ ਵੀ ਬਿਹਾਲਾ ਹੀ ਸੀ । ਜਦੋਂ ਬਿਹਾਲੇ ਸੰਤਾਂ ਪਾਸ ਪਹੁੰਚੇ ਤਾਂ ਸੰਤਾਂ ਨੇ ਬਚਨ ਕੀਤਾ ਕਿ ਭਾਈ ਰਾਵਲ ਸਿੰਘ ਜੀ (ਜੋ ਕਿ ਉਨ੍ਹਾਂ ਦਾ ਪਹਿਲਾ ਨਾਮ ਸੀ) ਲੰਮਾਂ ਪੈਡਾਂ ਤੈਅ ਕਰਕੇ ਆਏ ਹੋ , ਭੁੱਖ ਲੱਗੀ ਹੋਏਗੀ ਪ੍ਰਸ਼ਾਦਾ ਛਕ ਲਵੋ । ਭਾਈ ਰਾਵਲ ਸਿੰਘ ਜੀ ਕਹਿਣ ਲੱਗੇ ਸਤਿ ਵਚਨ । ਸੰਤਾਂ ਮਹਾਪੁਰਸ਼ਾ ਦੇ ਬਚਨਾਂ ਨੂੰ ਕਹਿਣਾ ਵੀ ਸਤਿ ਬਚਨ ਹੀ ਚਾਹੀਦਾ ਹੈ , ਜਿਵੇ ਗੁਰਬਾਣੀ ਦਾ ਫੁਰਮਾਨ ਹੈ-
ਸਤਿ ਬਚਨ ਸਾਧੂ ਸਭਿ ਕਹਤ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 293)
ਅਤੇ
ਸਤਿ ਬਚਨ ਸਾਧੂ ਉਪਦੇਸ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 284)
ਬਾਬਾ ਜੀ ਅੰਦਰ ਗਏ ਤੇ ਅੰਦਰੋ ਸਾਗ ਦੀ ਬਾਟੀ ਲੈ ਕੇ ਆਏ ਜਿਸ ਉੱਪਰ ਉੱਲੀ ਜੰਮੀ ਹੋਈ ਸੀ । ਫਿਰ ਪ੍ਰਸ਼ਾਦਾ ਰੱਖ ਕੇ ਸਾਗ ਵਾਲੀ ਬਾਟੀ ਭਾਈ ਰਾਵਲ ਸਿੰਘ ਜੀ ਦੇ ਅੱਗੇ ਰੱਖ ਦਿੱਤੀ । ਜਦੋਂ ਭਾਈ ਰਾਵਲ ਸਿੰਘ ਜੀ ਨੇ ਉੱਲੀ ਵਾਲਾ ਸਾਗ ਦੇਖਿਆ ਤਾਂ ਮਨ ਥਾਹ-ਉਥਾਂਹ ਹੋਣ ਲੱਗ ਪਿਆ । ਜਦੋਂ ਬਾਬਾ ਜੀ ਨੇ ਦੇਖਿਆ ਤਾਂ ਭਾਈ ਸਾਹਿਬ ਦੇ ਅੱਗੋਂ ਬਾਟੀ ਚੁੱਕ ਲਈ ਤੇ ਕਹਿਣ ਲੱਗੇ ਕਿੱਡਾ ਸੁਆਦਾ ਦਾ ਪੱਟਿਆ ਹੋਇਆ ਆ ।
ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 269)
ਅਤੇ
ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 616)
ਅਤੇ
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1379)

ਆਪ ਸਾਰੀ ਬਾਟੀ ਉਗਲੀਆਂ ਨਾਲ ਚੱਟ-ਚੱਟ ਕੇ ਸਾਫ ਕਰ ਦਿੱਤੀ । ਫਿਰ ਇਨ੍ਹਾਂ ਨੂੰ ਦਾਲ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ । ਸੰਤਾਂ ਨੇ ਇੰਨਾ ਮਨ ਮਾਰਿਆ ਸੀ ਕਿ ਸੁਆਦਾਂ ਦੀ ਪਰਖ ਨਹੀਂ ਰੱਖੀ । ਬਿਰਤੀ ਇਨ੍ਹਾਂ ਪਦਾਰਥਾਂ ਤੋਂ ਉੱਪਰ ਉੱਠ ਚੁੱਕੀ ਸੀ ।

ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥ ਕਹਨੁ ਨ ਜਾਈ ਨਾਨਕ ਬਿਸਮਾਦੁ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 889)
ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥
ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥1॥
ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥
ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 532)
ਇੱਕ ਸਾਧੂ ਕਵੀ ਨੇ ਬਹੁਤ ਖ਼ੂਬ ਲਿਖਿਆ ਹੈ:-
ਛੱਤੀ ਖਾਣਿਆਂ ਨਾਲੋਂ ਵਧੀਕ ਮਿੱਠੇ,
ਰੁੱਖੀ, ਮਿੱਸੀ ਤੇ ਸੁੱਕੀ, ਅਚਾਰ ਚਾਰੇ ।
ਬੜਾ ਸ਼ੁਕਰ ਹੈ ਹੋਏ ਨਸ਼ੀਬ ਜੇਕਰ,
ਚਾਦਰ, ਕੱਛ, ਕਮੀਜ਼, ਦਸਤਾਰ ਚਾਰੇ ।
ਸ਼ਾਂਤੀ, ਸ਼ੁਕਰ ਤੇ ਸਬਰ, ਸੰਤੋਖ ਜਾਣੋ,
ਤਪੇ ਹਿਰਦਿਆਂ ਨੂੰ ਦੇਣ ਠਾਰ ਚਾਰੇ ।
ਨਾਮ, ਦਾਨ, ਅਸ਼ਨਾਨ ਹੈ ਕਠਨ ਭਾਰਾ ,
ਚੇਤੇ ਰੱਖਣਾ ਸਦਾ ਕਰਤਾਰ ਚਾਰੇ ।

ਭਾਈ ਨਰਾਇਣ ਸਿੰਘ ਜੀ ਦਾ ਪਰਿਵਾਰ ਵਿੱਚ ਦੁਬਾਰਾ ਆਉਣਾ—>ਤੱਤਕਰਾ

ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ( ਹਰਖੋਵਾਲ ਵਾਲੇ ) ਆਪਣੇ ਪਿਤਾ ਭਾਈ ਨਰੈਣ ਸਿੰਘ ਜੀ ਨੂੰ ਆਪਣੇ ਕੋਲ ਹਰਖੋਵਾਲ ਲੈ ਗਏ ਸਨ ਕਿ ਅੰਤ ਸਮੇਂ ਉਨ੍ਹਾਂ ਦੀ ਬਿਰਤੀ ਹੋਰ ਪਾਸੇ ਨਾ ਜਾਵੇ । ਉੱਧਰ ਸੰਤਾਂ ਦੇ ਭਾਈ ਜਮਾਂਦਾਰ ਅੱਛਰ ਸਿੰਘ ਜੀ ਹੁਰਾਂ ਨੂੰ ਮੁਰੱਬੇ (ਬਾਰ) ਪਾਕਿਸਤਾਨ ਵਿੱਚ ਮਿਲ ਗਏ । ਸੰਤਾਂ ਦੇ ਪਿਤਾ ਜੀ ਨੂੰ ਪਤਾ ਲੱਗਾ ਕਿ ਮੁਰੱਬੇ ਮਿਲ ਗਏ ਹਨ । ਉਨ੍ਹਾਂ ਦਾ ਮਨ ਵੀ ਮੁਰੱਬਿਆ ਵਿੱਚ ਚਲੇ ਗਿਆ । ਫਿਰ ਜਮਾਂਦਾਰ ਜੀ ਨੇ ਸੰਤ ਮਹਾਰਾਜ ਜੀ ਨੂੰ ਸੁਨੇਹਾ ਭੇਜਿਆ ਕਿ ਪਿਤਾ ਜੀ ਨੂੰ ਸਾਡੇ ਕੋਲ ਭੇਜ ਦਿਉ , ਨਹੀਂ ਤਾਂ ਲੋਕ ਸਾਨੂੰ ਮੇਹਣੇ ਦੇਣਗੇ ਕਿ ਉਨ੍ਹਾਂ ਦਾ ਬਾਪ ਗੁਰਦੁਆਰੇ ਰਹਿੰਦਾ ਹੈ । ਉਨ੍ਹਾਂ ਦੇ ਜਿਆਦਾ ਕਹਿਣ ‘ਤੇ ਅਖੀਰ ਸੰਤਾਂ ਨੇ ਪਿਤਾ ਜੀ ਨੂੰ ਉਨ੍ਹਾਂ ਪਾਸ ਭੇਜ ਦਿੱਤਾ । ਕੁੱਝ ਸਮੇ ਬਾਅਦ ਪਿਤਾ ਜੀ ਉਸ ਮਾਲਕ ਦੇ ਬਖ਼ਸ਼ੇ ਹੋਏ ਸੁਆਸ ਪੂਰੇ ਕਰ ਗਏ ।
ਇੱਧਰ ਜਮਾਂਦਾਰ ਅੱਛਰ ਸਿੰਘ ਜੀ ਦੇ ਘਰ ਵਿੱਚ ਇੱਕ ਬੱਚੇ ਨੇ ਜਨਮ ਲਿਆ । ਬੱਚੇ ਦਾ ਨਾਂ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਕੁਲਵੰਤ ਸਿੰਘ ਰੱਖਿਆ । ਫਿਰ ਜਦੋਂ ਸੰਤਾਂ ਦਾ ਪਰਿਵਾਰ ਬਾਬਾ ਜੀ ਦੇ ਦਰਸ਼ਨਾ ਲਈ ਹਰਖੋਵਾਲ ਆਏ ਤਾਂ ਰਸਤੇ ਵਿੱਚ ਪਹਿਲਾਂ ਬਿਹਾਲੇ ਵਾਲੇ ਸੰਤਾਂ ਦੇ ਦਰਸ਼ਨ ਕਰਨ ਲਈ ਚਲੇ ਗਏ । ਅੱਗੇ ਵੀ ਜਦੋ ਕਦੇ ਹਰਖੋਵਾਲ ਵਾਲੇ ਸੰਤਾਂ ਦਾ ਪਰਿਵਾਰ ਹਰਖੋਵਾਲ ਆਉਦੇ ਤਾਂ ਬਿਹਾਲੇ ਰਾਹੀ ਹੋ ਕੇ ਅਗਾਂਹ ਜਾਂਦੇ ।ਉਨ੍ਹਾਂ ਦਾ ਵੀ ਸੰਤਾਂ ਦੇ ਨਾਲ ਬਹੁਤ ਪ੍ਰੇਮ ਸੀ । ਜਦੋਂ ਸੰਤਾਂ ਪਾਸ ਬਿਹਾਲੇ ਪਹੁੰਚੇ ਤਾਂ ਸੰਤ ਬਾਬਾ ਹੀਰਾ ਸਿੰਘ ਜੀ ਬਾਹਰ ਹੀ ਬੈਠੇ ਸਨ । ਦਰਸ਼ਨ ਕੀਤੇ । ਫਿਰ ਬਾਬਾ ਜੀ ਉੱਠੇ ਤੇ ਬੱਚੇ ਨੂੰ ਦੋਹਾਂ ਹੱਥਾਂ ਨਾਲ ਉੱਪਰ ਚੁੱਕਿਆ ਤੇ ਬਚਨ ਕਰਨ ਲੱਗੇ ਕਿ ਕਿੱਥੇ ਆ ਤੇਰੇ ਮੁਰੱਬੇ , ਕਿੱਥੇ ਆ ਤੇਰੇ ਬਾਗ ? ਤੂੰ ਕਹਿੰਦਾ ਸੀ ਮੈਂ ਮੁਰੱਬੇ ਦੇਖਣ ਜਾਣਾ ਅਤੇ ਆਪਣੀ ਜੇਬ੍ਹ ‘ਚੋ ਇੱਕ ਰੁਪਿਆ ਕੱਢਿਆ ਤੇ ਕਹਿਣ ਲੱਗੇ ਸ਼ਾਹਾ-ਪਾਤਸ਼ਾਹਾ ਦੀ ਨਜ਼ਰ ਇੱਕ ਰੁਪਿਆ ਹੀ ਹੁੰਦੀ ਹੈ ਅਤੇ ਪਰਿਵਾਰ ਵਾਲੇ ਇਹ ਸਭ ਦੇਖੀ ਜਾਣ ਕਿ ਸੰਤ ਬੱਚੇ ਨੂੰ ਕਿਹੋ ਜਿਹੇ ਬਚਨ ਕਰੀ ਜਾ ਰਹੇ ਹਨ ? ਫਿਰ ਕੁੱਝ ਸਮਾਂ ਬੈਠਣ ਤੋਂ ਬਾਅਦ ਸੰਤਾਂ ਪਾਸੋਂ ਆਗਿਆ ਲੈ ਕੇ ਹਰਖੋਵਾਲ ਨੂੰ ਚਲੇ ਗਏ ।
ਸੰਤਾਂ ਪਾਸ ਹਰਖੋਵਾਲ ਪਹੁੰਚੇ । ਇਹ ਸਾਰੀ ਵਾਰਤਾ ਸੰਤਾਂ ਨੂੰ ਦੱਸੀ ਕਿ ਬਿਹਾਲੇ ਵਾਲੇ ਸੰਤ , ਬੱਚੇ ਨਾਲ ਇਹੋ ਜਿਹੇ ਬਚਨ ਕਰ ਰਹੇ ਸਨ । ਸੰਤ ਬਾਬਾ ਜਵਾਲਾ ਸਿੰਘ ਜੀ ਮੁਸਕਰਾ ਪਏ ਤੇ ਕਹਿਣ ਲੱਗੇ ,”ਉਹ ਪੂਰਨ ਬ੍ਰਹਮ ਗਿਆਨੀ ਜਾਣੀਜਾਣ ਮਹਾਪੁਰਸ਼ ਸੱਚ ਹੀ ਕਹਿ ਰਹੇ ਹਨ । ਇਹ ਜੋ ਬੱਚਾ ਹੈ , ਸਾਡੇ ਪਿਤਾ ਦਾ ਦੂਸਰਾ ਜਨਮ ਹੈ । ਅਸੀਂ ਤੁਹਾਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਸਾਡੇ ਕੋਲ ਰਹਿਣ ਦਿਉ ਤਾਂ ਜੋ ਅੰਤ ਸਮੇ ਬਿਰਤੀ ਹੋਰ ਪਾਸੇ ਨਾ ਜਾਵੇ ਪਰ ਤੁਸੀਂ ਮੰਨੇ ਹੀ ਨਹੀਂ ਤੇ ਹੁਣ ਉਨ੍ਹਾਂ ਦੀ ਰੂਹ ਦੁਬਾਰਾ ਪਰਿਵਾਰ ਵਿੱਚ ਆ ਗਈ ਹੈ । ” ਫਿਰ ਲੰਗਰ ਪ੍ਰਸ਼ਾਦਾ ਛਕ ਕੇ ਸੰਤਾਂ ਤੋਂ ਆਗਿਆ ਲੈ ਕੇ ਪਿੰਡ ਨੂੰ ਚਲੇ ਗਏ ।
ਸਮਾਂ ਆਪਣੀ ਚਾਲੇ ਚੱਲਦਾ ਗਿਆ । ਬੱਚੇ ਦੀ ਪਾਲਣਾ-ਪੋਸ਼ਣਾ ਕੀਤੀ ਤੇ ਜਦੌਂ ਉਹ ਬੱਚਾ ( ਕੁਲਵੰਤ ਸਿੰਘ ) 16 ਸਾਲ ਦਾ ਹੋਇਆ ਤਾਂ ਉਹ ਉਸ ਮਾਲਕ ਦੇ ਬਖ਼ਸ਼ੇ ਹੋਏ ਸੁਆਸਾਂ ਨੂੰ ਪੂਰੇ ਕਰ ਗਿਆ । ੱਿੲੱਧਰੋ ਸੰਤ ਬਾਬਾ ਹੀਰਾ ਸਿੰਘ ਜੀ ਦਾ ਅੰਤਿਮ ਸਮਾ ਨਜਦੀਕ ਆ ਗਿਆ ਤੇ ਮਹਾਰਾਜ 28 ਅੱਸੂ 1943 ਨੂੰ ਸੱਚਖੰਡ ਪਿਆਨਾ ਕਰ ਗਏ । ਸੰਤ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਬਚਨ ਮੁਤਾਬਕ ਸੰਤ ਬਾਬਾ ਹੀਰਾ ਸਿੰਘ ਜੀ , ਉਹ ਬੱਚਾ ਕੁਲਵੰਤ ਸਿੰਘ ਤੇ ਸੰਤਾਂ ਪਾਸ ਜੋ ਬਿੱਲੀ ਸੀ , ਇੱਕੋ ਬੈਬਾਣ ਵਿੱਚ ਸੱਚਖੰਡ ਗਏ ਸਨ ।

ਸੰਤ ਬਾਬਾ ਦਲੀਪ ਸਿੰਘ ਜੀ ਆਯੂ ਵਧਾਉਣੀ—>ਤੱਤਕਰਾ

ਬ੍ਰਹਮ ਗਿਆਨੀ ਸੰਤ ਬਾਬਾ ਦਲੀਪ ਸਿੰਘ ਜੀ ( ਡੁਮੇਲੀ ਵਾਲਿਆ ) ਨੇ ਸਾਰੀ ਆਯੂ ਹਿਕਮਤ ਵਿੱਚ ਹੀ ਨਿਵਾਹ ਦਿੱਤੀ । ਸਾਰੀ ਆਯੂ ਦੁਖੀਆ ਦੀ ਪੁਕਾਰ ਹੀ ਸੁਣਦੇ ਰਹੇ । ਪਿੰਗੜੇ , ਲਗੜੇ-ਲੂਲੇ ਅਤੇ ਸਭ ਦੁਖੀ ਜੀਵ ਉਨ੍ਹਾਂ ਪਾਸ ਆਉਦੇ ਰਹਿੰਦੇ ਸਨ । ਉਹ ਬਹੁਤ ਭਜਨੀਕ ਆਤਮਾ ਸੀ । ਸੰਤ ਕਿਸੇ ਵੀ ਲੋੜਵੰਦ ਦੀ ਮਦਦ ਕੀਤੇ ਤੋਂ ਬਿਨ੍ਹਾਂ ਆਪਣੇ ਦਰ ਤੋਂ ਖਾਲੀ ਨਹੀਂ ਸਨ ਮੋੜਦੇ । ਉਹ ਸੰਗਤ ਕਰਨ ਵਾਲੇ ਪ੍ਰੇਮੀਆ ਨੂੰ ਬਾਣੀ ਕੰਠ ਕਰਵਾਉਦੇ ਅਤੇ ਉਸ ਨਿੰਰਕਾਰ ਦੇ ਪੂਰਨਿਆਂ ‘ਤੇ ਚੱਲਣ ਦੀ ਪ੍ਰੇਰਣਾ ਕਰਦੇ । ਸੰਤ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਦਾ ਆਪ ਜੀ ਨਾਲ ਬਹੁਤ ਪ੍ਰੇਮ ਸੀ । ਆਪ ਨਾਮ ਬਾਣੀ ਦੇ ਰਸੀਏ ਸਨ । ਦੋਵੇ ਮਹਾਪੁਰਸ਼ ਪਹਿਲਾ ਤੋ ਹੀ ਡੁਮੇਲੀ ਬਹੁਤ ਆਉਦੇ ਜਾਦੇ ਸਨ । ਇਨ੍ਹਾਂ ਤਿੰਨਾਂ ਮਹਾਪੁਰਸ਼ਾ ਦਾ ਆਪਸ ਵਿੱਚ ਬੜਾ ਪ੍ਰੇਮ ਸੀ ।
ਇਸੇ ਤਰ੍ਹਾਂ ਸਮਾ ਬੀਤਦਾ ਗਿਆ ਅਤੇ ਹੁਣ ਬਾਬਾ ਦਲੀਪ ਸਿੰਘ ਜੀ ਅੰਤਿਮ ਸਮਾਂ ਨਜ਼ਦੀਕ ਆ ਗਿਆ । ਜਾਣੀਜਾਣ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ੰਿਸੰਘ ਜੀ ਮਹਾਪੁਰਸ਼ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਡੁਮੇਲੀ ਪਹੁੰਚ ਗਏ । ਜਦੋਂ ਸੰਤ ਮਹਾਪੁਰਸ਼ ਡੁਮੇਲੀ ਪਹੁੰਚੇ ਤਾਂ ਸੰਤ ਬਾਬਾ ਦਲੀਪ ਸਿੰਘ ਜੀ ਵੈਰਾਗ ‘ਚ ਸਨ , ਪਰ ਖੁਸ਼ ਸਨ ਕਿ ਮੇਰੇ ਅੰਤਿਮ ਸਮੇਂ ਦੋਂ ਬ੍ਰਹਮਗਿਆਨੀ ਮੇਰੇ ਪਾਸ ਹਾਜ਼ਰ ਹਨ । ਸੰਤ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸੰਤ ਬਾਬਾ ਹੀਰਾ ਸਿੰਘ ਜੀ ਨੂੰ ਬਚਨ ਕੀਤਾ ਕਿ ਭਾਈ ਹੀਰਾ ਸਿੰਘ ਜੀ , ਭਾਈ ਦਲੀਪ ਸਿੰਘ ਜੀ ਦਾ ਅੱਜ ਅੰਤਿਮ ਸਮਾ ਨਜਦੀਕ ਹੈ ਇਨ੍ਹਾਂ ਨੇ ਅੱਜ ਸੱਚਖੰਡ ਚਲੇ ਜਾਣਾ ਹੈ ਪਰ ਅਸੀ ਅਜੇ ਇਨ੍ਹਾ ਕੋਲੋ ਦੱਸ ਸਾਲ ਸੇਵਾ ਹੋਰ ਲੈਣੀ ਹੈ । ਆਪ ਇਨ੍ਹਾਂ ਤੇ ਕਿਰਪਾ ਕਰੋ ਤੇ ਇਨ੍ਹਾਂ ਦੀ ਉਮਰ ਵਧਾਉ । ਬਾਬਾ ਹੀਰਾ ਸਿੰਘ ਜੀ ਮਹਾਰਾਜ ਚੁੱਪ ਕਰ ਗਏ ਅਤੇ ਉਸ ਸੱਚੇ ਪਿਤਾ ਵਾਹਿਗੁਰੂ ਦਾ ਧਿਆਨ ਧਰਿਆ , ਫਿਰ ਰਸਨਾਂ ਤੋ ਬਚਨ ਕੀਤਾ ਕਿ ਭਾਈ ਜਵਾਲਾ ਸਿੰਘ ਜੀ ਅਸੀ ਤਾਂ ਇਨ੍ਹਾਂ ਦੀ ਢਾਈ ਸਾਲ ਹੀ ਉਮਰ ਵਧਾ ਸਕਦੇ ਹਾਂ । ਬਾਕੀ ਕਿਰਪਾ ਆਪ ਕਰੋ । ਫਿਰ ਸੰਤ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਉਸ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਕਰਕੇ ਸਾਢੇ ਸੱਤ ਸਾਲ ਉਮਰ ਸੰਤ ਬਾਬਾ ਦਲੀਪ ਸਿੰਘ ਜੀ ਨੂੰ ਹੋਰ ਬਖਸ਼ੀ । ਮਹਾਪੁਰਸ਼ਾ ਦੇ ਬਚਨਾ ਨੂੰ ਰੱਬ ਵੀ ਨਹੀ ਮੋੜਦਾ ।
ਬਾਬਾ ਦਲੀਪ ਸਿੰਘ ਜੀ ਕਹਿਣ ਕਿ ਭਾਈ ਇਸ ਨਾਲੋਂ ਸੁਭਾਗਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ ਕਿ ਮੇਰੇ ਅੰਤਿਮ ਸਮੇਂ ਦੋਂ ਪੂਰਨ ਬ੍ਰਹਮ ਗਿਆਨੀ ਮੇਰੇ ਕੋਲ ਹਾਜ਼ਰ ਹਨ ਤਾਂ ਸੰਤ ਬਾਬਾ ਹੀਰਾ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਮੈ ਤਾਂ ਹੋਣਾ ਨਹੀਂ , ਪਰ ਭਾਈ ਜਵਾਲਾ ਸਿੰਘ ਜੀ ਅੱਜ ਤੋ ਦਸ ਸਾਲ ਬਾਅਦ ਵੀ ਤੁਹਾਡੇ ਅੰਤਿਮ ਸਮੇਂ ਤੁਹਾਡੇ ਕੋਲ ਹਾਜ਼ਰ ਹੋਣਗੇ । ਇਹ ਵਾਕਿਆ 1938 ਵਿੱਚ ਕੌਤਕ ਵਰਤਿਆ ਸੀ । ਸੋ ਮਹਾਪੁਰਸ਼ਾਂ ਦੇ ਕਹੇ ਮੁਤਾਬਕ ਸੰਤ ਬਾਬਾ ਹੀਰਾ ਸਿੰਘ ਜੀ 1943 , 28 ਅੱਸੂ ਨੂੰ ਸੱਚਖੰਡ ਪਿਆਨਾ ਕਰ ਗਏ ।
ਫਿਰ ਦਸ ਸਾਲ ਸੰਤ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਕਹੇ ਮੁਤਾਬਕ ਰੋਗੀਆਂ ਦੀ ਸੇਵਾ ਕੀਤੀ । ਇਹ ਕਾਰਜ ਬ੍ਰਹਮਗਿਆਨੀ ਹੀ ਕਰ ਸਕਦੇ ਹਨ । ਸੰਤਾਂ ਮਹਾਪੁਰਸ਼ਾਂ ਤੋ ਬਗੈਰ ਕੋਈ ਉਮਰ ਨਹੀਂ ਵਧਾ ਸਕਦਾ । ਅੱਜ-ਕੱਲ ਦੇ ਬੁੱਧੀ ਜੀਵੀਏ ਕਹਿ ਦਿੰਦੇ ਹਨ ਕਿ ਸੰਤਾਂ ਦੇ ਨਾ ਜਾਉ । ਅੱਜ ਕੋਈ ਉਮਰ ਵਧਾ ਕੇ ਦਿਖਾਏ । ਇਹ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੈ । ਫਿਰ 1948 , 6 ਭਾਦਰੋਂ ਨੂੰ ਇਹ ਸਮਾ ਆਇਆ , ਤਾਂ ਉਸੇ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਪੁਰਸ਼ ਹਰਖੋਵਾਲ ਤੋਂ ਡੁਮੇਲੀ ਪਹੁੰਚ ਗਏ ਤੇ ਸੰਤ ਮਹਾਪੁਰਸ਼ ਸੰਤ ਬਾਬਾ ਦਲੀਪ ਸਿੰਘ ਜੀ ਨੂੰ ਕਹਿਣ ਲੱਗੇ ਭਾਈ ਦਲੀਪ ਸਿੰਘ ਜੀ ਹੁਣ ਹਿਕਮਤ ਵੱਲ ਧਿਆਨ ਛੱਡ ਦਿਉ ਸਗੋਂ ਗੁਰੂ ਦੇ ਚਰਨਾਂ ਦਾ ਧਿਆਨ ਧਰੋ ਤੇ ਵਾਹਿਗੁਰੂ ਦਾ ਉਚਾਰਨ ਕਰੋ । ਹੁਣ ਸੱਚਖੰਡ ਜਾਣ ਦਾ ਸਮਾ ਆ ਗਿਆ । ਫਿਰ ਉਸੇ ਤਰ੍ਹਾਂ ਸੰਤ ਬਾਬਾ ਦਲੀਪ ਸਿੰਘ ਜੀ ਨੇ ਮਹਾਪੁਰਸ਼ਾਂ ਦੀ ਕਿਰਪਾ ਦ੍ਰਿਸ਼ਟੀ ਵਿੱਚ ਸਰੀਰ ਛੱਡਿਆ ਤੇ ਸੱਚਖੰਡ ਚਲੇ ਗਏ ਅਤੇ ਆਪਣੇ ਨਿੱਜ ਘਰ ਵਿੱਚ ਵਾਸਾ ਕਰ ਗਏ ।

ਸਾਧੂਆਂ ਦੀ ਸੰਗਤ—>ਤੱਤਕਰਾ

ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 296 )
ਸਾਧੂਆਂ ਦੀ ਸੰਗਤ ਕਰਨ ਨਾਲ ਕਰੋੜਾਂ ਅਪਰਾਧ ਮਿਟ ਜਾਂਦੇ ਹਨ । ਗੁਰੂ ਦੀ ਕਿਰਪਾ ਦੇ ਨਾਲ ਜੀਵ ਆਤਮਾ ਨੂੰ ਜਮਾ ਤੋਂ ਛੁਟਕਾਰਾ ਮਿਲ ਜਾਂਦਾ ਹੈ । ਸੰਤਾਂ ਦਾ ਮਿਸ਼ਨ ਇਹੀ ਹੁੰਦਾ ਹੈ ਕਿ ਆਪ ਨਾਮ ਜਪਣਾ ਅਤੇ ਹੋਰਨਾਂ ਨੂੰ ਵੀ ਜਪਾਉਣਾ ।
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 749 )
ਸਾਧੂ ਆਪ ਹੀ ਨਿਰੰਕਾਰ ਦਾ ਰੂਪ ਹੁੰਦੇ ਹਨ ਤੇ ਅਕਾਲਪੁਰਖ ਉਨ੍ਹਾਂ ਨੂੰ ਆਪ ਜਗਤ ਦੇ ਭਲੇ ਵਾਸਤੇ ਸੰਸਾਰ ਵਿੱਚ ਭੇਜਦਾ ਹੈ । ਜਿਵੇ ਕਿ ਗੁਰਬਾਣੀ ਦਾ ਫੁਰਮਾਨ ਹੈ-
ਜਿਨ੍‍ਾ ਨ ਵਿਸਰੈ ਨਾਮੁ ਸੇ ਕਿਨੇਹਿਆ ॥
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 397 )
ਜਿਨ੍ਹਾਂ ਦੀ ਰਸਨਾਂ ਤੇ ਅੱਠੇ ਪਹਿਰ ਵਾਹਿਗੁਰੂ ਦਾ ਨਾਮ ਵਸਿਆ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ । ਉਨ੍ਹਾਂ ਗੁਰੂ ਦੇ ਪਿਆਰਿਆਂ ‘ਤੇ ਪਰਮੇਸ਼ਰ ਵਿੱਚ ਕੋਈ ਵੀ ਭੇਦ ਨਹੀਂ ਹੁੰਦਾ । ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੰਤਾਂ ਦੀ ਸੰਗਤ ਕਰਨ ਦਾ ਮਹੱਤਵ ਦੱਸਦੇ ਹਨ ਕਿ ਸੰਸਾਰ ਰੂਪੀ ਭਿਆਨਕ ਸਮੁੰਦਰ ਤੋ ਪਾਰ ਲੰਘਣ ਲਈ ਪਰਮਾਤਮਾ ਦੇ ਚਰਨਾਂ ਦੀ ਪ੍ਰੀਤੀ ਉਸਦੇ ਗੁਣ ਗਾਇਨ ਕਰਨ ਅਤੇ ਸੰਗਤਾਂ ਨੂੰ ਸੰਸਾਰ ਭਵਸਾਗਰ ਤੋ ਤਰਨ ਦੀ ਵਿਧੀ ਸੰਤ ਦੱਸਦੇ ਹਨ । ਜਿਵੇ ਗੁਰਵਾਕ ਹਨ –
ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥
ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1358 )
ਸਾਧ ਸੰਗਤ ਰਾਹੀਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ , ਜਗਤ ਦੇ ਪਲਣਹਾਰ ਪਰਮਾਤਮਾ ਦੀ ਸਿਫਤਿ-ਸਾਲਾਹ ਉਚਾਰਿਆਂ , ਇਸ ਭਵਜਲ ਸੰਸਾਰ ਤੋ ਪਾਰ ਲੰਘ ਸਕੀਦਾ ਹੈ । ਭਾਵ ਸੰਸਾਰ ਸਮੁੰਦਰ ਵਿੱਚੋ ਜਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਣ ਦਾ ਇੱਕੋ-ਇੱਕ ਤਰੀਕਾ ਹੈ । ਸਾਧ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਿਤ-ਸਾਲਾਹ ਕੀਤੀ ਜਾਏ । ਸੰਤ ਅਤੇ ਪਾਰਸ ਵਿੱਚ ਬੜਾ ਅੰਤਰ ਹੁੰਦਾ ਹੈ । ਪਾਰਸ ਦਾ ਇਹ ਗੁਣ ਹੈ ਕਿ ਉਹ ਲੋਹੇ ਨੂੰ ਸੋਨੇ ਵਿੱਚ ਬਦਲ ਦਿੰਦਾ ਹੈ ਪਰ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ । ਸੰਤ ਵਿੱਚ ਇਹ ਗੁਣ ਹੁੰਦਾ ਹੈ ਕਿ ਉਹ ਆਪਣੀ ਮਿਹਰ ਦੁਆਰਾ ਕਿਸੇ ਨੂੰ ਵੀ ਆਪਣੇ ਸਮਾਨ ਬਣਾ ਸਕਦੇ ਹੈ ।
ਪਾਰਸ ਮੇਂ ਅਰੁ ਸੰਤ ਮੇਂ ਬਡੋ ਅੰਤਰੋ ਜਾਣ ॥
ਵਹ ਲੋਹਾ ਕੰਚਨ ਕਰੈ ਯਹ ਕਰੈ ਆਪ ਸਮਾਨ ॥
(ਵਿਚਾਰਮਾਲਾ)

ਭਾਈ ਮੀਹਾਂ ਸਿੰਘ ਜੀ ਦੀ ਰੱਖਿਆ ਕਰਨੀ—>ਤੱਤਕਰਾ

ਭਾਈ ਮੀਹਾਂ ਸਿੰਘ ਜੀ ਪਿੰਡ ਨੈਣੌਵਾਲ਼ ਧੁੱਗਿਆਂ ਦੇ ਰਹਿਣੇ ਵਾਲ਼ੇ ਸਨ । ਆਪ ਜੀ ਨੂੰ ਸੰਤਾਂ ਦੀ ਸੇਵਾ ਦੀ ਲਗਨ ਲੱਗ ਗਈ ਸੀ । ਆਪ ਹਰ ਸੰਗਰਾਂਦ ਨੂੰ ਦੋ ਦਿਨ ਪਹਿਲਾਂ ਹੀ ਪਿੰਡ ਬਿਹਾਲਾ ਵਿਖੇ ਪਹੁੰਚ ਜਾਂਦੇ ਸੀ । ਉਸ ਸਮਂੇ ਕੋਈ ਸੜਕਾਂ ਆਦਿ ਨਹੀਂ ਹੁੰਦੀਆਂ ਸਨ । ਕੱਚੀਆਂ ਡੰਡੀਆਂ ਹੀ ਹੁੰਦੀਆਂ ਸਨ । ਆਪ ਘੋੜੀ ਤੇ ਅਕਸਰ ਆਇਆ ਕਰਦੇ ਸਨ । ਹਰ ਸੰਗਰਾਂਦ ਨੂੰ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਸੀ ਅਤੇ ਇਸ ਤੋ ਪਹਿਲਾਂ ਇੱਥੇ ਇੱਕ ਛੱਪਰ ਹੀ ਹੋਇਆ ਕਰਦਾ ਸੀ । ਜਿੱਥੇ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਸੀ । ਫਿਰ ਪਿੰਡ ਵਾਲ਼ਿਆਂ ਦੇ ਸਹਿਯੋਗ ਨਾਲ਼ ਇੱਥੇ ਗੁਰਦੁਆਰਾ ਸਾਹਿਬ ਦੀ ਇੱਕ ਛੋਟੀ ਜਿਹੀ ਇਮਾਰਤ ਉਸਾਰੀ ਗਈ, ਜਿਸ ਨੂੰ ਹੁਣ ਤਪ ਅਸਥਾਨ 108 ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਸਿੰਘ ਜੀ ਬਿਹਾਲਾ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ । ਆਪ ਇੱਥੇ ਤਿੰਨੇ ਦਿਨ ਹਾਜ਼ਰੀ ਭਰਿਆ ਕਰਦੇ ਸਨ ਅਤੇ ਪ੍ਰਸ਼ਾਦ ਵਰਤਾਉਣ ਦੀ ਸੇਵਾ ਵੀ ਨਿਭਾੳਂੁਦੇ ।
ਇੱਕ ਵਾਰ ਬਰਸਾਤ ਦਾ ਮੋਸਮ ਸੀ । ਭਾਰੀ ਵਰਖਾ ਹੋਈ ਸੀ ਅਤੇ ਚੋਆਂ ਵਿੱਚ ਕਾਫ਼ੀ ਹੜ੍ਹ ਆਇਆ ਹੋਇਆ ਸੀ । ਨਸਰਾਲ਼ੇ ਵਾਲ਼ਾ ਚੋਅ ਦੇਖ ਕੇ ਮੀਹਾਂ ਸਿੰਘ ਜੀ ਦਾ ਪਾਰ ਕਰਨ ਦਾ ਹੌਸਲਾ ਨਾ ਪਿਆ ਇੱਧਰ ਸ਼ਾਮ ਦਾ ਟਾਈਮ ਸੀ ਅਤੇ ਹਨੇਰਾ ਹੋਣ ਦਾ ਵੀ ਡਰ ਸੀ । ਆਪ ਜੱਕੋ-ਤੱਕੀ ਵਿੱਚ ੳੁੱਥੇ ਹੀ ਖੜ੍ਹੇ ਰਹੇ ਅਤੇ ਆਪ ਕੁਝ ਚਿਰ ਪਿੱਛੋ ਕੀ ਦੇਖਦੇ ਹੋ ਕਿ ਇੱਕ ਸਿਆਣਾ ਬਜ਼ੁਰਗ ਪਾਣੀ ਵਿਚੋ ਲੰਘ ਰਿਹਾ ਹੈ । ਇਹ ਦੇਖ ਕੇ ਆਪ ਜੀ ਨੇ ਵੀ ਹੌਸਲਾ ਕੀਤਾ ਤੇ ਆਪ ਉਨ੍ਹਾਂ ਦੇ ਮਗਰ ਮਗਰ ਚੱਲ ਪਏ । ਇਸ ਤਰਾਂ ਆਪ ਨੇ ਚੋਅ ਪਾਰ ਕਰ ਲਿਆ ਪਰ ਜਦੋਂ ਆਪ ਚੋਅ ਤੋ ਪਾਰ ਲੰਘ ਗਏ ਤਾਂ ਇਹ ਦੇਖਕੇ ਆਪ ਨੂੰ ਬੜੀ ਹੈਰਾਨੀ ਹੋਈ ਕਿ ੳੁੱਥੇ ਕੋਈ ਨਹੀਂ ਸੀ । ਫਿਰ ਆਪ ਅੱਗੇ ਚੱਲ ਪਏ ਤੇ ਰਸਤੇ ਵਿੱਚ ਹਲਕੀ-ਹਲਕੀ ਬਾਰਸ਼ ਸ਼ੁਰੂ ਹੋ ਗਈ । ਆਪ ਸੋਚ ਹੀ ਰਹੇ ਸੀ ਕਿ ਜੇਕਰ ਘਰੋਂ ਕੋਈ ਕੱਪੜਾ ਲੈ ਆੳਂੁਦਾ ਤਾਂ ਠੰਡ ਤੋਂ ਬਚਾ ਕਰ ਲੈਂਦੇ । ਅਚਾਨਕ ਹੀ ਉੱਥੇ ਇੱਕ ਬਜ਼ੁਰਗ ਅਇਆ ਉਸਨੇ ਆਪ ਨੂੰ ਆਪਣੇ ਪਾਸੋ ਚਾਦਰ ਲੈਣ ਲਈ ਕਿਹਾ ਆਪ ਨੇ ੳੇੋੁਨ੍ਹਾਂ ਪਾਸੋ ਚਾਦਰ ਲਈ ਜਿਸ ਨਾਲ ਸਰਦੀ ਤੋ ਰਾਹਤ ਪ੍ਰਾਪਤ ਹੋਈ ।
ਫਿਰ ਆਪ ਸੰਤਾਂ ਪਾਸ ਬਿਹਾਲੇ ਪਹੁੰਚ ਗਏ ਅਤੇ ਸੰਤਾਂ ਨੂੰ ਨਮਸਕਾਰ ਕੀਤੀ । ਸੰਤ ਪਹਿਲਾਂ ਹੀ ਜਾਣੀ ਜਾਣ ਸਨ, ਪਰ ਉਨਾਂਾ ਨੇ ਭਾਈ ਮੀਹਾਂ ਸਿੰਘ ਤੋ ਸਫਰ ਬਾਰੇ ਪੁੱਛਿਆ ਤੇ ਕਿਹਾ, “ਆਪ ਜੀ ਨੂੰ ਕੋਈ ਪ੍ਰੇਸ਼ਾਨੀ ਤਾ ਨਹੀਂ ਆਈ ?” ਮੀਹਾ ਸਿੰਘ ਨੇ ਆਪਣੇ ਸਫਰ ਦਾ ਸਾਰਾ ਹਾਲ ਦੱਸਿਆ ਕਿ ਕਿਵਂੇ ਚੋਅ ਪਾਰ ਕੀਤਾ ਤੇ ਫਿਰ ਕਿਵਂੇ ਰਸਤੇ ਵਿੱਚ ਠੰਡ ਤੋ ਬਚਣ ਲਈ ਚਾਦਰ ਪ੍ਰਾਪਤ ਹੋਈ ਤੇ ਸੰਤਾਂ ਨੇ ਕਿੱਲੀ ਵੱਲ ਇਸ਼ਾਰਾ ਕੀਤਾ ਤੇ ਕਿਹਾ, “ਦੇਖ ਤਾਂ ਕਿਤੇ ਇਹੋ ਜਹੀ ਚਾਦਰ ਤਾ ਨਹੀਂ ਸੀ !” ਜਦਂੋ ਆਪ ਨੇ ਚਾਦਰ ਦੇਖੀ ਤਾ ਉਹ ਥੋੜੀ ਗਿੱਲੀ ਅਤੇ ਉਸੇ ਤਰਾਂ ਦੀ ਹੀ ਜਾਪਦੀ ਸੀ ਤਾਂ ਉਸ ਵੇਲੇ ਆਪ ਜੀ ਦੇ ਮੂੰਹੋ ਨਿੱਕਲਿਆ ਧੰਨ ਧੰਨ ਬਾਬਾ ਹੀਰਾ ਸਿੰਘ ਜੀ ਤੁਸੀਂ ਹੀ ਮੇਰੀ ਬਿਖੜੇ ਥਾਵਾ ਤੋ ਰੱਖਿਆ ਕਰਨ ਵਾਲੇ ਹੋ ।

ਭਾਈ ਮੀਹਾਂ ਸਿੰਘ ਜੀ ਦੇ ਘਰ ਦੀ ਵੰਡ—>ਤੱਤਕਰਾ

ਭਾਈ ਮੀਹਾ ਸਿੰਘ ਜੀ ਦੀ ਤੀਸਰੀ ਪੀੜ੍ਹੀ ਭਾਈ ਜੈ ਸਿੰਘ ਜੀ ਨੈਣੋਵਾਲ ਧੁੱਗਿਆ ਤੋ ਹਰ ਸੰਗਰਾਂਦ ਨੂੰ ਆਪਣੇ ਪਰਿਵਾਰ ਬੱਚੇ-ਬੱਚੀਆਂ ਸਮੇਤ ਗੁਰਦੁਆਰਾ ਸਾਹਿਬ ਬਿਹਾਲਾ ਵਿਖੇ ਹਾਜਰੀ ਭਰਦੇ ਹਨ ਤੇ ਮਨ ਮੰਗੀਆ ਮੁਰਾਦਾਂ ਪੂਰੀਆਂ ਕਰਦੇ ਹਨ । ਉਨ੍ਹਾਂ ਦੇ ਦੱਸਣ ਅਨੁਸਾਰ ਕਿ ਉਨ੍ਹਾਂ ਦੇ ਬਜੁਰਗਾਂ ਵਿਚਕਾਰ ਘਰ ਦੀ ਵੰਡ ਨੂੰ ਲੈ ਕੇ ਕੁੱਝ ਝਗੜਾਂ ਹੋ ਗਿਆ । ਘਰ ਦੀ ਡਿਉੜੀ ਤੇ ਸਾਰੇ ਆਪਣਾ ਹੱਕ ਜਤਾਉਣ ਲੱਗ ਪਏ ਅਤੇ ਡਿਉੜੀ ਢਾਹੁਣ ਵਾਸਤੇ ਤੱਤਪਰ ਸਨ । ਫਿਰ ਸਾਰਿਆਂ ਨੇ ਫੈਸਲਾ ਕੀਤਾ ਕਿ ਸਾਰੇ ਜਣੇ ਸੰਤਾਂ ਪਾਸ ਚੱਲੋ ਉਹ ਆਪੇ ਹੀ ਨਵੇੜਾ ਕਰ ਦੇਣਗੇ ।
ਜਦੋ ਸੰਤਾਂ ਨੂੰ ਸਾਰੀ ਗੱਲ ਦੱਸੀ ਤਾਂ ਸੰਤਾਂ ਨੇ ਕਿਹਾ ਕਿ ਸਾਨੂੰ ਡਿਉੜੀ ਦਿਖਾਉ । ਫਿਰ ਸੰਤਾਂ ਨੂੰ ਉਸ ਸਮੇ ਰੱਥ ਵਿੱਚ ਬਿਠਾ ਕੇ ਬਿਹਾਲੇ ਤੋ ਨੈਣੋਵਾਲ ਲਿਜਾਇਆ ਗਿਆ । ਇਸ ਗੱਲ ਦਾ ਅੰਦਾਜਾ ਅੱਜ ਵੀ ਲਗਾਇਆ ਜਾ ਸਕਦਾ ਹੈ ਕਿ ਉਸ ਸਮੇ ਸੰਤਾਂ ਦੀ ਕਿੰਨੀ-ਕੁ ਮਾਨਤਾ ਹੋਵੇਗੀ । ਸੰਤਾਂ ਦਾ ਉੱਥੇ ਪਹੁੰਚਣ ਤੇ ਬੜਾ ਸਤਿਕਾਰ ਕੀਤਾ ਗਿਆ । ਜਦੋ ਸੰਤਾਂ ਨੂੰ ਡਿਉੜੀ ਦਿਖਾਈ ਗਈ ਤਾਂ ਸੰਤਾਂ ਨੇ ਆਪਣੀ ਹੱਥ ਵਾਲੀ ਖੂੰਡੀ ਨੂੰ ਛੱਤ ਨਾਲ ਲਗਾਇਆ ਅਤੇ ਵਚਨ ਕੀਤਾ ਕਿ ਇਹ ਡਿਉੜੀ ਇਸੇ ਤਰ੍ਹਾ ਹੀ ਰਹੇਗੀ , ਇਸਨੂੰ ਕੋਈ ਨਹੀਂ ਢਾਹੇਗਾ । ਸਭਨਾ ਨੇ ਸੰਤਾਂ ਦੇ ਵਚਨ ਨੂੰ ਕਮਾਇਆ । ਬਾਕੀ ਸਾਰੇ ਘਰ ਦੀ ਵੰਡ ਤਾਂ ਹੋ ਗਈ ਪਰ ਡਿਉੜੀ ਉਸੇ ਤਰ੍ਹਾ ਅੱਜ ਵੀ ਕਾਇਮ ਹੈ ।

ਬਾਬਾ ਖੜਕ ਸਿੰਘ ਜੀ—>ਤੱਤਕਰਾ

ਸੰਤ ਬਾਬਾ ਹੀਰਾ ਸਿੰਘ ਜੀ ਹਰ ਸਮੇਂ ਭੋਰੇ ਵਿੱਚ ਹੀ ਰਹਿੰਦੇ ਸਨ ਅਤੇ ਹਰ ਸਮੇਂ ਸਿਮਰਨ ਵਿੱਚ ਹੀ ਲੀਨ ਰਹਿੰਦੇ ਸਨ । ਅਵਸਥਾਂ ਵੀ ਬਿਰਧ ਹੋ ਚੁੱਕੀ ਸੀ । ਸੰਤ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ ਵਾਲੇ) ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸਨ । ਸੰਤਾਂ ਨੇ ਬਾਬਾ ਹੀਰਾ ਸਿੰਘ ਜੀ ਦੀ ਟਹਿਲ-ਸੇਵਾ ਵਾਸਤੇ ਆਪਣੇ ਇੱਕ ਪ੍ਰੇਮੀ ਸਿੰਘ ‘ ਬਾਬਾ ਖੜਕ ਸਿੰਘ ਜੀ ‘ ਨੂੰ ਬਚਨ ਕੀਤਾ ਕਿ ਆਪ ਨੇ ਬਿਹਾਲੇ ਸੰਤਾਂ ਪਾਸ ਰਹਿਣਾ ਹੈ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਦੀ ਟਹਿਲ ਸੇਵਾ ਡੱਟ ਕੇ ਕਰਨੀ ਹੈ ।ਆਪ ਨੇ ਆਪਣਾ ਪ੍ਰਸ਼ਾਦਾ-ਪਾਣੀ ਨਗਰ ਵਿੱਚੋ ਗਜਾ ਕਰਕੇ ਛੱਕ ਲਿਆ ਕਰਨਾ ਹੈ ।
ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 713)
ਬਾਬਾ ਖੜਕ ਸਿੰਘ ਜੀ ਸੰਤਾਂ ਦਾ ਬਚਨ ਮੰਨ ਕੇ ਬਿਹਾਲੇ ਸੰਤਾਂ ਦੀ ਸੇਵਾ ‘ਚ ਹਾਜ਼ਰ ਹੋਏ । ਫਿਰ ਬਾਬਾ ਜੀ ਉਸੇ ਦਿਨ ਤੋਂ ਤਨ-ਮਨ ਦੇ ਨਾਲ ਸੰਤਾਂ ਦੀ ਸੇਵਾ ਵਿੱਚ ਡੱਟ ਗਏ ।
ਨਗਰ ਦੇ ਹੀ ਗੁਰਦਿੱਤ ਸਿੰਘ (ਭਲਵਾਨ) ਹੁਰੀ ਜੋ ਜਿਆਦਾ ਕਰਕੇ ਗੁਰਦੁਆਰਾ ਸਾਹਿਬ ਹੀ ਰਹਿੰਦੇ ਸਨ , ਨਾਲ਼ੇ ਤਾਂ ਭੇਡ-ਬੈਠਕਾਂ ਕੱਢਣੀਆਂ, ਲੰਗਰ ਪਾਣੀ ਵੀ ਛੱਕਣਾ ਅਤੇ ਬਾਬਾ ਖੜਕ ਸਿਘ ਜੀ ਨੂੰ ਤੰਗ ਵੀ ਕਰਨ ਲੱਗ ਪਏ । ਜਦੋਂ ਬਾਬਾ ਖੜਕ ਸਿੰਘ ਜੀ , ਗੁਰਦਿੱਤ ਸਿੰਘ ਹੁਰਾਂ ਤੋਂ ਬਹੁਤ ਤੰਗ ਆ ਗਏ ਤਾਂ ਬਾਬਾ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਪਾਸ ਜਾ ਕੇ ਫਰਿਆਦ ਕੀਤੀ ਕਿ ਮੈਂ ਹੁਣ ਉੱਥੇ ਨਹੀਂ ਰਹਿਣਾ । ਮੈਨੂੰ ਨਗਰ ਦੇ ਕੁੱਝ ਪੁਰਸ਼ਾਂ ਵਲੋਂ ਬਹੁਤ ਤੰਗ ਕੀਤਾ ਜਾਂਦਾ ਹੈ ।
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 649 )
ਜੋ ਪੁਰਸ਼ ਸੰਤ ਜਨਾਂ ਨਾਲ ਵੈਰ ਕਮਾਉਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ ਉਨ੍ਹਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਸੁੱਖ ਨਹੀਂ ਮਿਲਦਾ , ਘੜੀ-ਮੁੜੀ ਦੁਬਿਧਾ ਵਿੱਚ ਖੁਆਰ ਹੋ-ਹੋ ਕੇ ਜੰਮਦੇ ਮਰਦੇ ਰਹਿੰਦੇ ਹਨ ।
ਫਿਰ ਸੰਤ ਬਾਬਾ ਜਵਾਲਾ ੰਿਸੰਘ ਜੀ ਨੇ ਕਿਹਾ ਕਿ ਤੁਹਾਨੂੰ ਰਹਿਣਾ ਤਾਂ ਬਿਹਾਲੇ ਸੰਤਾਂ ਦੇ ਪਾਸ ਹੀ ਪੈਣਾ ਹੈ ।ਪਰ ਜੇ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਨਹੀਂ ਰਹਿ ਸਕਦੇ ਤਾਂ ਆਪ ਗੁਰਦੁਆਰਾ ਸਾਹਿਬ ਤੋਂ ਕੁੱਝ ਦੂਰ ਆਪਣੀ ਕੁੱਲੀ ਪਾ ਲਉ । ਜਿੰਨਾਂ ਸਮਾਂ ਸੰਤਾਂ ਪਾਸ ਸੇਵਾ ਵਿੱਚ ਬਿਤਾਉਣਾ ਹੈ , ਬਿਤਾ ਕੇ ਆਪ ਆਪਣੇ ਆਰਾਮ ਲਈ ਆਪਣੀ ਕੁੱਲੀ ਵਿੱਚ ਚਲੇ ਜਾਣਾ ।ਬਾਬਾ ਖੜਕ ਸਿੰਘ ਜੀ ਸੰਤਾਂ ਦਾ ਬਚਨ ਮੰਨਕੇ ਦੁਬਾਰਾ ਫਿਰ ਬਿਹਾਲੇ ਆ ਗਏ ਅਤੇ ਫਿਰ ਇਹੋ ਹੀ ਨਿਯਮ ਅਪਣਾ ਲਿਆ ।
ਨਾਨਕ ਕਉ ਗੁਰਿ ਦੀਆ ਨਾਮੁ ॥
ਸੰਤਨ ਕੀ ਟਹਲ ਸੰਤ ਕਾ ਕਾਮੁ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 891)
ਦਿਨ ਵੇਲੇ ਜਦੋਂ ਸੰਤਾਂ ਨੇ ਭੋਰੇ ‘ਚੋ ਬਾਹਰ ਆਉਣਾ ਉੰਨਾਂ ਸਮਾਂ ਸੰਤਾਂ ਦੀ ਸੇਵਾ ‘ਚ ਹਾਜ਼ਰ ਹੋ ਕੇ ਦੁਬਾਰਾ ਆਪਣੇ ਅਸਥਾਨ ਤੇ ਆ ਜਾਣਾ ।
ਦਾਸ ਨੂੰ ਥੋੜ੍ਹਾ-ਥੋੜ੍ਹਾ ਯਾਦ ਹੈ ਕਿ ਦਾਸ ਉਦੋਂ ਦੂਸਰੀ-ਤੀਸਰੀ ਜਮਾਤ ਵਿੱਚ ਪੜ੍ਹਦਾ ਹੋਵੇਗਾ ਕਿ ਜਦੋਂ ਬਾਬਾ ਖੜਕ ਸਿੰਘ ਜੀ ਨਗਰ ਨੂੰ ਪ੍ਰਸ਼ਾਦੇ ਦੀ ਗਜਾ ਵਾਸਤੇ ਆਇਆ ਕਰਦੇ ਸਨ । ਉਹ ਕਈ ਘਰਾਂ ਵਿੱਚੋਂ ਪ੍ਰਸ਼ਾਦਾ ਇਕੱਠਾ ਕਰਦੇ ਤੇ ਆਪਣੀ ਝੋਲੀ ਵਿੱਚ ਪਾ ਲੈਂਦੇ । ਉਹ ਸਵੇਰ ਦਾ ਪ੍ਰਸ਼ਾਦਾ ਕਿਸੇ-ਨ-ਕਿਸੇ ਪ੍ਰੇਮੀਨ ਦੇ ਘਰ ਹੀ ਛਕ ਲੈਂਦੇ । ਦਾਸ ਦੇ ਘਰ ਵੀ ਉਹ ਕਈ ਵਾਰ ਪ੍ਰਸ਼ਾਦਾ ਛਕਦੇ ਹੁੰਦੇ ਸਨ । ਉਨ੍ਹਾਂ ਕਹਿਣਾ ਕਿ ਮਹਿੰਦਰ ਕੌਰੇ , ਮੈਨੂ ਪੀੜ੍ਹੀ ਡਾਹ ਦੇਹ । ਉਹ ਹਮੇਸ਼ਾ ਹੀ ਥੱਲੇ ਪੀੜ੍ਹੀ ‘ਤੇ ਬੈਠ ਕੇ ਹੀ ਪ੍ਰਸ਼ਾਦਾ ਛਕਦੇ ਹੁੰਦੇ ਸਨ ।ਉਨ੍ਹਾਂ ਦੀ ਝੋਲੀ ਦੀਆਂ ਕਈ ਜੇਬਾਂ ਹੁੰਦੀਆਂ ਸਨ । ਰਸਤੇ ਵਿੱਚ ਤੁਰੇ ਜਾਂਦਿਆਂ ਨੂੰ ਬੱਚਿਆਂ ਨੇ ਉਨ੍ਹਾਂ ਨੂੰ ਫਤਹਿ ਬਲਾਉਣੀ ਅਤੇ ਉਨ੍ਹਾਂ ਨੇ ਪ੍ਰਸ਼ਾਦ ਵਜੋਂ ਆਪਣੀ ਝੋਲੀ ਵਿੱਚੋ ਪਤਾਸੇ ਦੇਣੇ । ਬਸ ਬੱਚਿਆ ਨੂੰ ‘ਤੇ ਪਤਾਸਿਆਂ ਦਾ ਹੀ ਲਾਲਚ ਹੁੰਦਾ ਸੀ , ਹਰ ਰੋਜ਼ ਫਤਹਿ ਬਲਾਉਣੀ ।
ਫਿਰ ਜਿਸ ਜਗ੍ਹਾ ਉਨ੍ਹਾਂ ਨੇ ਝੋਪੜੀ ਬਣਾਈ ਸੀ । ਉੱਥੇ ਮਸਤ ਬਾਬਾ ਬੋਦੀ ਵਾਲਿਆਂ ਦਾ ਅਸਥਾਨ ਸੀ । ਆਪ ਨੇ ਉੱਥੇ ਵੀ ਸੇਵਾ ਕਰਨੀ ਅਤੇ ਉਸ ਅਸਥਾਨ ਦੇ ਆਲੇ-ਦੁਆਲੇ ਕੇੜਿਆਂ ਦੀ ਵਾੜ ਵੀ ਕਰਦੇ ਰਹਿਣਾ । ਉੱਥੋਂ ਦੀ ਮਿੱਟੀ ਘੱਟ ਉਪਜਾਊ ਸੀ , ਥਾਂ ਵੀ ਰੇਤਲਾ ਸੀ । ਇਸ ਅਸਥਾਨ ‘ਤੇ ਬਾਬਾ ਜੀ ਨੇ ਬਹੁਤ ਸਾਰੇ ਦਰੱਖਤ ਵੀ ਲਗਾਏ । ਆਪ ਪ੍ਰਸ਼ਾਦੇ ਦੀ ਗਜਾ ਕਰਨ ਤੋਂ ਬਾਅਦ ਫਿਰ ਬਾਲਟੀ ਲੈ ਕੇ ਨਗਰ ਦੇ ਰਸਤੇ ਵਿੱਚੋਂ ਗੋਹਾ ਇਕੱਠਾ ਕਰਦੇ ਹੁੰਦੇ ਸਨ ਅਤੇ ਗੋਹੇ ਤੋਂ ਖਾਦ ਬਣਾ ਕੇ ਬੂਟਿਆਂ ਨੂੰ ਪਾਉਂਦੇ ਹੁੰਦੇ ਸਨ । ਅਕਸਰ ਉਹ ਸ਼ਕਰਕੰਦੀਆਂ ਹੀ ਬੀਜਦੇ ਅਤੇ ਜਿੰਨੇ ਵੀ ਬੱਚੇ ਉਨ੍ਹਾਂ ਕੋਲ ਜਾਂਦੇ , ਉਨ੍ਹਾਂ ਨੂੰ ਛਕਣ ਲਈ ਦਿੰਦੇ ਰਹਿੰਦੇ ।
ਬਾਬਾ ਜੀ ਨੇ ਸੰਤਾਂ ਦੀ ਅੰਤਿਮ ਸੁਆਸਾਂ ਤੱਕ ਸੇਵਾ ਨਿਭਾਈ । ਆਪ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਹੁਕਮ ਨੂੰ ਬਾ-ਖੂਬੀ ਨਿਭਾਇਆ । ਆਪ ਜੀ ਦਾ ਜੀਵਨ ਵੀ ਸਾਧੂਆਂ ਵਰਗਾ ਹੀ ਬਣ ਗਿਆ । ਉਹ ਸਾਰਿਆਂ ਨਾਲ ਪਿਆਰ ਕਰਦੇ , ਕਿਸੇ ਦੇ ਨਾਲ ਵੀ ਉਨ੍ਹਾਂ ਦਾ ਕੋਈ ਵੈਰ ਨਹੀਂ ਸੀ । ਉਨ੍ਹਾਂ ਦੇ ਪਿਆਰ ਸਤਿਕਾਰ ਦਾ ਸਦਕਾ ਅੱਜ ਵੀ ਨਗਰ ਵਲੋਂ ਹਰ ਸਾਲ ਉਨ੍ਹਾਂ ਦੀ ਯਾਦ ਅੰਦਰ ਇੱਕ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ ਹੈ ।

ਭਾਈ ਵਰਿਆਮ ਸਿੰਘ ਜੀ ਦੀ ਸੇਵਾ ਅਤੇ ਪ੍ਰੇਮ—>ਤੱਤਕਰਾ

ਭਾਈ ਵਰਿਆਮ ਸਿੰਘ ਜੀ ਬਹੁਤ ਲੰਬੇ ਸਮਂੇ ਤੱਕ ਸੰਤਾਂ ਦੀ ਹਜ਼ੂਰੀ ਸੇਵਾ ਵਿੱਚ ਹਾਜ਼ਰੀ ਭਰਦੇ ਰਹੇ । ਵਰਿਆਮ ਸਿੰਘ ਜੀ ਬਿਹਾਲਾ ਨਗਰ ਦੇ ਰਹਿਣੇ ਵਾਲੇ ਸਨ । ਉਨ੍ਹਾਂ ਦਾ ਸੰਤਾਂ ਨਾਲ ਅਥਾਹ ਪ੍ਰੇਮ ਸੀ ਅਤੇ ਹਰ ਰੋਜ ਸੰਤਾਂ ਵਾਸਤੇ ਖੀਰ ਤਿਆਰ ਕਰਕੇ ਲੈ ਕੇ ਜਾਂਦੇ ਹੁੰਦੇ ਸਨ । ਸੰਤਾਂ ਦੀ ਨਿੱਤ ਦਿਨ ਦੀ ਖੁਰਾਕ ਬਹੁਤ ਥੋੜ੍ਹੀ ਸੀ । ਪਹਿਲਾਂ ਤਾ ਭੋਜਨ ਬਿਲਕੁਲ ਹੀ ਤਿਆਗ ਦਿੱਤਾ ਸੀ ਪਰ ਫਿਰ ਬਹ੍ਰਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ (ਹਰਖੋਵਾਲ ਵਾਲਿਆਂ) ਦੇ ਕਹਿਣ ਤੇ ਅੱਠੀਂ ਪਹਿਰੀਂ ਥੋੜਾ ਜਿਹਾ ਭੋਜਨ ਲੈਣਾ ਪ੍ਰਵਾਨ ਕਰ ਲਿਆ ਸੀ । ਆਪ ਭੋਰੇ ਵਿੱਚ ਭਗਤੀ ਚ’ ਹੀ ਲੀਨ ਰਹਿਦੇ ਸਨ ।ਅੱਠੀਂ ਪਹਿਰੀਂ ਇੱਕ ਦਫ਼ਾ ਹੀ ਬਾਹਰ ਆਉਂਦੇ ਸਨ ਤੇ ਭੋਜਨ ਛਕਦੇ ਸਨ । ਬਾਬਾ ਜੀ, ਭਾਈ ਵਰਿਆਮ ਸਿੰਘ ਜੀ ਨੂੰ ਰਿਖੀ ਜੀ ਕਹਿ ਕੇ ਬਲਾੳਂੁਦੇ ਹੁੰਦੇ ਸਨ ।
ਰਿਖੀ ਜੀ ਹਰ ਰੋਜ਼ ਸੰਤਾਂ ਲਈ ਆਪਣੇ ਘਰੋਂ ਥੋੜ੍ਹੀ ਜਿਹੀ ਖੀਰ ਤਿਆਰ ਕਰਕੇ ਲੈ ਕੇ ਜਾਂਦੇ ਹੁੰਦੇ ਸਨ । ਇੱਕ ਦਿਨ ਮੱਝ ਬਿਮਾਰ ਹੋ ਜਾਣ ਕਾਰਨ ਰਿਖੀ ਜੀ ਦੀ ਮੱਝ ਨੇ ਦੁੱਧ ਨਹੀਂ ਦਿੱਤਾ । ਆਪ ਆਪਣੇ ਗਵਾਢੀਆਂ ਦੇ ਘਰੋਂ ਦੁੱਧ ਲੈ ਕੇ ਖੀਰ ਬਣਾ ਕੇ ਲੈ ਗਏ । ਸੰਤਾਂ ਨੇ ਖੀਰ ਛਕੀ । ਜਦੋਂ ਦੂਸਰੇ ਦਿਨ ਹਰ ਰੋਜ਼ ਦੀ ਤਰਾਂ ਖੀਰ ਲੈ ਕੇ ਹਾਜ਼ਰ ਹੋਏ ਤਾ ਸੰਤਾਂ ਨੇ ਰਿਖੀ ਜੀ ਨੂੰ ਪੁੱਛਿਆ ਕਿ ਕੱਲ੍ਹ ਜੋ ਖੀਰ ਲੈ ਕੇ ਆਏ ਸੀ, ਉਸ ਵਾਸਤੇ ਦੁੱਧ ਕਿਥੋ ਲਿਆ ਸੀ ? ਸਾਰੀ ਰਾਤ ਸਾਡੀ ਬਿਰਤੀ ਨਾਮ ਵਿਚ ਜੁੜ ਨਹੀਂ ਸਕੀ !
ਤਾਹੀ ਤਾਂ ਕਿਹਾ ਗਿਆ ਹੈ, ” ਜਿਹਾ ਅੰਨ ਤਿਹਾ ਮੰਨ” ਸੋ ਭੋਜਨ ਵੀ ਕਿਸੇ ਗੁਰਮੁਖ ਪਰਿਵਾਰ ਵਲੋ ਜੋਂ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੋਵੇ ੳੇੁਸਦਾ ਹੀ ਆਪ ਛਕਣਾ ਲੋਚਦੇ ਸਨ । ਬਾਬਾ ਵਰਿਆਮ ਸਿੰਘ ਜੀ ਆਪ ਦੀ ਸੇਵਾ ਵਿਚ ਬੁਹਤ ਲੰਬਾ ਸਮਾਂ ਰਹੇ । ਤੜਕੇ 2 ਵਜੇ ਇਸ਼ਨਾਨ ਕਰਕੇ ਸੇਵਾ ਵਿਚ ਜਾ ਹਾਜ਼ਰ ਹੋ ਜਾਂਦੇ । ਜਿੰਨਾ ਚਿਰ ਆਪ ਇਸ ਸੰਸਾਰ ਵਿੱਚ ਰਹੇ, ਸੰਤਾਂ ਦੀ ਸੇਵਾ ਵਿਚ ਹਾਜ਼ਰ ਰਹੇ ।

ਸੰਤਾਂ ਦਾ ਪ੍ਰੇਮ—>ਤੱਤਕਰਾ

ਜਿਨ੍‍ ਕੇ ਭਾਗ ਬਡੇ ਹੈ ਭਾਈ ਤਿਨ੍‍ ਸਾਧੂ ਸੰਗਿ ਮੁਖ ਜੁਰੇ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1208)
ਭਾਈ ਵਰਿਆਮ ਸਿੰਘ ਜੀ ਦੇ ਪਰਿਵਾਰ ‘ਤੇ ਜਿੰਨੀ ਕਿਰਪਾ ਸੰਤਾਂ ਦੀ ਰਹੀਂ ਹੈ , ਸ਼ਾਇਦ ਹੀ ਕਿਸੇ ਹੋਰ ਪਰਿਵਾਰ ਨੂੰ ਨਸੀਬ ਹੋਈ ਹੋਵੇ । ਭਾਈ ਵਰਿਆਮ ਸਿੰਘ ਜੀ ਨੇ ਸਾਰੀ ਉਮਰ ਸੰਤਾਂ ਦਾ ਦਰ ਨਹੀਂ ਛੱਡਿਆ । ਬਹੁਤ ਲੰਬਾ ਸਮਾਂ ਸੰਤਾਂ ਦੇ ਲਈ ਖੀਰ ਤਿਆਰ ਕਰਕੇ ਲਿਜਾਂਦੇ ਰਹੇ । ਉਹ ਤੜਕੇ ਸਾਰ ਸੰਤਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਸਨ । ਪਰਿਵਾਰ ਵੱਡਾ ਸੀ ਉਨ੍ਹਾਂ ਦੇ ਪੰਜ ਪੁੱਤਰ – ਪੂਰਨ ਸਿੰਘ , ਭਗਤ ਸਿੰਘ , ਮੋਹਣ ਸਿੰਘ , ਸੋਹਣ ਸਿੰਘ , ਬਲਵੰਤ ਸਿੰਘ ਅਤੇ ਦੋ ਪੁੱਤਰੀਆਂ ਸੁਰਜੀਤ ਕੌਰ ਤੇ ਗੁਵਚਨ ਕੌਰ ਸਨ ।
ਭਾਈ ਜੀ ਜੱਦੀ ਪੁਸ਼ਤੀ ਲੁਹਾਰ (ਤਰਖਾਣ) ਦਾ ਹੀ ਕੰਮ ਕਰਦੇ ਸਨ । ਪਿੰਡ ਵਿੱਚ ਹੀ ਦਾਣਿਆਂ ਦੀ ਪਿਸਾਈ ਵਾਸਤੇ ਖਰਾਸ (ਆਟਾ ਪੀਹਣ ਦੀ ਵੱਡੀ ਚੱਕੀ , ਜੋ ਬਲਦਾਂ ਆਦਕਿ ਪਸ਼ੂਆਂ ਦੀ ਤਾਕਤ ਨਾਲ ਚਲਾਈ ਜਾਂਦੀ ਸੀ) ਵੀ ਲਾਇਆ ਹੋਇਆ ਸੀ । ਉਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਅਤੇ ਇੰਜਣ ਵੀ ਬਹੁਤ ਘੱਟ ਹੀ ਲੋਕਾਂ ਕੋਲ ਹੁੰਦੇ ਸਨ । ਪਿੰਡਾਂ ਵਿੱਚ ਦਾਣੇ ਪੀਹਣ ਵਾਸਤੇ ਇਹ ਖਰਾਸ ਹੀ ਹੁੰਦੇ ਸਨ । ਬਲਦਾਂ ਦੀ ਸਹਾਇਤਾ ਦੇ ਨਾਲ ਵੱਟਿਆਂ ਨੂੰ ਘੁਮਾ ਕੇ ਦਾਣੇ ਪੀਸੇ ਜਾਂਦੇ ਸਨ । ਸੋ ਇਸੇ ਕਿਰਤ ਦੇ ਨਾਲ ਆਪਣਾ ਪਰਿਵਾਰ ਵੀ ਪਾਲ਼ਿਆ ਅਤੇ ਨਾਲ ਦੀ ਨਾਲ ਸੰਤਾਂ ਦੀ ਸੇਵਾ ਵੀ ਨਿਭਾਈ । ਸੰਤਾਂ ਨੇ ਕਹਿਣਾ ,” ਵਰਿਆਮ ਸਿੰਘ , ਚਿੰਤਾਂ ਨਹੀਂ ਕਰਨੀ ਰੋਜੀ-ਰੋਟੀ ਦੀ । ਨਿਰੰਕਾਰ ਨੂੰ ਸਭ ਦਾ ਫਿਕਰ ਹੈ ।
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 10)
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1055)

ਭਾਈ ਜੀ ਦੇ ਛੋਟੇ ਪੁੱਤਰ ਗਿਆਨੀ ਸੋਹਣ ਸਿੰਘ , ਮੋਹਣ ਸਿੰਘ ਅਤੇ ਬਲਵੰਤ ਸਿੰਘ ਜੀ ਛੋਟੀ ਉਮਰ ਵਿੱਚ ਹੀ ਸੰਤਾਂ ਪਾਸ ਜਾਣ ਲੱਗ ਪਏ ਸਨ । ਗਿਆਨੀ ਸੋਹਣ ਸਿੰਘ ਜੀ ਨੇ ਉੱਥੇ ਹੀ ਢੋਲਕੀ ਨੂੰ ਹੱਥ ਮਾਰਨੇ ਵੀ ਸਿੱਖ ਲਏ ਸਨ ਅਤੇ ਕੁੱਝ ਸਿੱਧੀਆਂ ਧਾਰਨਾਵਾਂ ਵਿੱਚ ਸ਼ਬਦ ਵੀ ਯਾਦ ਕਰ ਲਏ । ਗਿਆਨੀ ਸੋਹਣ ਸਿੰਘ ਜੀ ਦਾ ਗਲ਼ਾ ਬਹੁਤ ਹੀ ਸੁਰੀਲਾ ਸੀ । ਸੰਤ ਬਾਬਾ ਹੀਰਾ ਸਿੰਘ ਜੀ ਇਨ੍ਹਾਂ ਪਾਸੋਂ ਹਰ ਰੋਜ਼ ਬੜੇ ਹੀ ਪਿਆਰ ਨਾਲ ਸ਼ਬਦ ਸੁਣਦੇ ਹੁੰਦੇ ਸਨ ।
ਜੋ ਹਰਿ ਕੀ ਹਰਿ ਕਥਾ ਸੁਣਾਵੈ ॥
ਸੋ ਜਨੁ ਹਮਰੈ ਮਨਿ ਚਿਤਿਭਾਵੈ ॥
ਜਨ ਪਗ ਰੇਣੁ ਵਡਭਾਗੀ ਪਾਵੈ ॥3॥
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
ਤੇ ਜਨ ਨਾਨਕ ਨਾਮਿ ਸਮਾਈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 164)

ਸੰਤਾਂ ਨੇ ਗਿਆਨੀ ਜੀ ਹੁਰਾਂ ਨੂੰ ਸਕੂਲ ਜਾਣ ਤੋ ਰੋਕ ਕੇ ਆਪਣੀ ਹਜ਼ੂਰੀ ਵਿੱਚ ਹੀ ਰੱਖ ਲਿਆ ।
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 108)
ਫਿਰ ਸਾਰੀ ਉਮਰ ਆਪਣੇ ਪਿਤਾ ਜੀ ਤਰ੍ਹਾਂ ਘਰ ਦੇ ਕੰਮ ਦੇ ਨਾਲ-ਨਾਲ ਕੀਰਤਨ ਵੀ ਕੀਤਾ । ਹੋਲ਼ੀ-ਹੋਲ਼ੀ ਆਲ੍ਹੇ-ਦੁਆਲੇ ਨਗਰਾਂ ਵਿੱਚ ਵੀ ਕੀਰਤਨ ਕਰਨ ਲੱਗ ਪਏ । ਜੀਵਨ ਭਰ ਜਿੰਨਾਂ ਸਮਾਂ ਵੀ ਗਿਆਨੀ ਜੀ ਕੀਰਤਨ ਕਰਦੇ ਰਹੇ ਕਦੀਂ ਵੀ ਕਿਸੇ ਕੋਲੋ ਭੇਟਾ ਨਹੀਂ ਲਈ । ਉਨ੍ਹਾਂ ਨੇ ਵੀ ਆਪਣੇ ਪਿਤਾ ਜੀ ਦੀ ਤਰ੍ਹਾਂ ਸਾਰੀ ਉਮਰ ਸੇਵਾ ਵਿੱਚ ਹੀ ਨਿਭਾਈ ।
ਗਿਆਨੀ ਸੋਹਣ ਸਿੰਘ ਜੀ ਨੇ ਆਪਣੇ ਪਿੰਡ ਦੇ ਹੀ ਭਾਈ ਕਪੂਰ ਸਿੰਘ ਜੀ ਪਾਸੋਂ ਗੁਰਮੁੱਖੀ ਅੱਖਰ ਸਿੱਖ ਲਏ ।
ਗੁਰਮੁਖੀ ਅੱਖਰ ਜੋ ਹੈ ਭਾਈ ॥ ਸਿੰਘ ਸਿੰਘ ਤੇ ਸੀਖੇ ਜਾਈ ॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਭਾਈ ਕਪੂਰ ਸਿੰਘ ਜੀ ਲੱਤਾਂ ਤੋ ਅਪਾਹਿਜ ਸਨ ਅਤੇ ਗੁਰਦੁਆਰਾ ਸਾਹਿਬ ਵਿਖੇ ਛੰਨ ਵਿੱਚ ਹੀ ਰਹਿੰਦੇ ਸਨ । ਉਹ ਦੇਸੀ ਦਵਾ-ਦਾਰੂ ਵੀ ਕਰ ਲੈਂਦੇ ਸਨ । ਉਹ ਗੁਰਬਾਣੀ ਦਾ ਪਾਠ ਆਪ ਵੀ ਕਰਦੇ ਤੇ ਹੋਰਨਾਂ ਸੰਗਤਾਂ ਨੂੰ ਵੀ ਸਿਖਾਉਂਦੇ ।

ਭਾਈ ਗੁਰਬਚਨ ਸਿੰਘ ਜੀ—>ਤੱਤਕਰਾ

ਭਾਈ ਗੁਰਬਚਨ ਸਿੰਘ ਜੀ ਬਿਹਾਲਾ ਨਗਰ ਦੇ ਰਹਿਣੇ ਵਾਲੇ ਸਨ । ਉਹ ਭਾਈ ਹਜਾਰਾ ਸਿੰਘ ਜੀ ਦੇ ਸਪੁੱਤਰ ਸਨ । ਭਾਈ ਜੀ ਦੋਂ ਭਰਾ ਸਨ । ਉਨ੍ਹਾਂ ਦਾ ਨਾਨਕਾ ਪਰਿਵਾਰ ਜੋ ਕਿ ਕਹਾਰਪੁਰ ਸੰਤ ਬਾਬਾ ਹਰੀ ਸਿੰਘ ਜੀ ਦੇ ਸੇਵਕ ਸਨ । ਨਾਨਕਾ ਪਰਿਵਾਰ ਦੇ ਨਾਲ ਕਦੇ-ਕਦੇ ਕਹਾਰਪੁਰ ਸੰਤਾਂ ਪਾਸ ਜਾਣਾ ਫਿਰ ਹੌਲੀ-ਹੌਲੀ ਆਪਣੇ ਪਿੰਡ ਵੀ ਸੰਤ ਬਾਬਾ ਹੀਰਾ ਸਿੰਘ ਜੀ ਪਾਸ ਜਾਣ ਲੱਗ ਪਏ । ਸੇਵਾ ਕਰਨ ਦੀ ਲਗਨ ਸੀ ਅਤੇ ਕਦੇ-ਕਦੇ ਬਾਬਾ ਜੀ ਨੂੰ ਇਸ਼ਨਾਨ ਵੀ ਕਰਾਉਣਾ ਜਾਂ ਕੋਈ ਹੋਰ ਸੇਵਾ ਕਰ ਲੈਣੀ । ਇਸ ਤਰ੍ਹਾਂ ਕਈ ਸਮਾਂ ਜਾਂਦਿਆ ਦਾ ਲੰਘ ਗਿਆ । ਪਹਿਲਾਂ-ਪਹਿਲ ਟੋਲੀ ਬਣਾ ਕੇ ਸੰਤਾਂ ਦੇ ਪਾਸ ਜਾਣਾ ਅਤੇ ਜੋ ਵੀ ਸੰਤਾਂ ਪਾਸ ਚੜ੍ਹਾਵਾ ਚੜਿਆ ਹੋਣਾ ਛਕ ਲੈਣਾ ਅਤੇ ਬਾਬਾ ਜੀ ਨੇ ਸਹਿਜ-ਸੁਭਾਅ ਕਹਿਣਾ ਕਿ ਬਹੁਤਾ ਪ੍ਰਸ਼ਾਦ ਨੀ ਖਾਈਦਾ । ਕਦੀਂ-ਕਦੀਂ ਨਿਆਣ ਮੱਤ ਵਿੱਚ ਸ਼ੁਗਲ ਕਰਦਿਆਂ-ਕਰਦਿਆਂ ਬਾਬਾ ਜੀ ਦੇ ਗੁਦ-ਕਤਾਰੀਆ ਵੀ ਕੱਢ ਦੇਣੀਆ ਤੇ ਬਾਬਾ ਜੀ ਨੇ ਹੱਸਦਿਆਂ-ਹੱਸਦਿਆਂ ਕਹਿਣਾ ਕਿ ਉਹ ਹੱਟ ਜਾਉ , ਪਰ ਕਦੀ ਗੁੱਸਾ ਨਹੀ ਕਰਨਾ ।
ਦਾਸ ਬਲਦੇਵ ਸਿੰਘ (ਜੱਥੇਦਾਰ ਲੰਗਰ , ਹਰਖੋਵਾਲ ਵਾਲੇ) ਦੇ ਭਾਈ ਗੁਰਵਚਨ ਸਿੰਘ ਜੀ ਮਾਮਾ ਜੀ ਸਨ । ਉਹ ਕਦੇ-ਕਦੇ ਹਰਖੋਵਾਲ ਆਇਆ ਕਰਦੇ ਸਨ । ਇੱਕ ਵਾਰ ਭਾਈ ਜੀ ਸੰਤ ਬਾਬਾ ਮਨਜੀਤ ਸਿੰਘ ਜੀ ( ਮੁੱਖ ਸੇਵਾਦਾਰ ) ਹਰਖੋਵਾਲ ਵਾਲਿਆਂ ਦੇ ਕੋਲ ਆਏ ਅਤੇ ਰੋ-ਰੋ ਕੇ ਬਾਬਾ ਜੀ ਨੂੰ ਦੱਸਦੇ ਸਨ ਕਿ ਬਾਬਾ ਜੀ ਮੇਰੇ ਕੋਲੋ ਬਿਹਾਲੇ ਵਾਲੇ ਮਹਾਪੁਰਸ਼ਾ ਦੇ ਕੋਲੋ ਕੁੱਝ ਵੀ ਨਹੀ ਲੈ ਹੋਇਆ ।
ਭਾਈ ਗੁਰਵਚਨ ਸਿੰਘ ਜੀ ਦੱਸਦੇ ਸਨ ਕਿ ਇੱਕ ਵਾਰ ਸੰਤ ਬਾਬਾ ਜਵਾਲਾ ਸਿੰਘ ਜੀ ਬਿਹਾਲੇ ਆਏ । ਭਾਈ ਜੀ ਵੀ ਗੁਰਦੁਆਰੇ ਹੀ ਸਨ । ਸੰਤ ਭਾਈ ਜੀ ਨੂੰ ਕਹਿਣ ਲੱਗੇ ਕਿ ਅੰਦਰ ਦਰਬਾਰ ਸਾਹਿਬ ਨੂ ਸਾਫ਼ ਕਰਵਾ ਦਿਉ ਪਰ ਮੈ ਸਮਝਿਆ ਨਹੀ । ਇੰਨੀ ਦੇਰ ਨੂੰ ਸੰਗਤ ਦਾ ਇੱਕ ਸਰੀਰ ਆਇਆ ਤੇ ਉਨ੍ਹਾਂ ਨੇ ਉਸ ਸਮੇ 200 ਰੁਪਏ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਭੇਟਾ ਕੀਤਾ ਤਾਂ ਉਸੇ ਸਮੇ ਸੰਤਾਂ ਨੇ 200 ਰੁਪਏ ਭਾਈ ਜੀ ਨੂੰ ਦੇ ਦਿੱਤੇ ਤੇ ਉਹ ਸਰੀਰ ਕਹਿਣ ਲੱਗਾ ਕਿ ਬਾਬਾ ਜੀ , ਇਹ ਭੇਟਾ ਮੈਂ ਤੁਹਾਨੂੰ ਦਿੱਤੀ ਤੇ ਆਪ ਜੀ ਨੇ ਇਨ੍ਹਾਂ ਨੂੰ ਦੇ ਦਿੱਤੀ । ਸੰਤਾਂ ਨੇ ਉਹ 200 ਰੁਪਏ ਉਨ੍ਹਾਂ ਨੂੰ ਮੋੜ ਦਿੱਤੇ ਤੇ ਆਪਣੀ ਜੇਬ ‘ਚੋ 200 ਰੁਪਏ ਦੇ ਕੇ ਸਾਰੇ ਗੁਰਦੁਆਰਾ ਸਾਹਿਬ ਦੀ ਸਫ਼ਾਈ ਕਰਵਾ ਕੇ ਅੰਦਰ ਬਾਹਰ ਸਫੈਦੀ ਕਰਵਾਈ ।
ਇੱਕ ਵਾਰ ਭਾਈ ਗੁਰਵਚਨ ਸਿੰਘ ਜੀ ਨੂੰ ਸੰਤਾਂ ਨੇ ਪੁਸ਼ੂਆ ਦਾ ਚਾਰਾ ਲੈਣ ਲਈ ਮੈਲੀ ਬੀਬੀ ਜੀਵੇ ਸ਼ਾਹ ਜੀ ਪਾਸ ਭੇਜਿਆ । ਭਾਈ ਜੀ ਨੇ ਸੋਚਿਆ ਚਲੋ ਇਸ ਬਹਾਨੇ ਦਰਸ਼ਨ ਵੀ ਕਰ ਆਵਾਂਗੇ । ਵਾਟ ਲੰਮੇਰੀ ਸੀ ਤੇ ਰਸਤੇ ਵਿੱਚ ਜਾਂਦੇ-ਜਾਂਦੇ ਇੱਕ ਬਲਦ ਬਿਮਾਰ ਹੋ ਗਿਆ । ਹੌਲੀ-ਹੌਲੀ ਮੈਲੀ ਬੀਬੀ ਜੀ ਪਾਸ ਪਹੁੰਚੇ । ਦਰਸ਼ਨ ਕੀਤੇ ਤੇ ਦੱਸਿਆ ਬਿਹਾਲੇ ਪੁਸ਼ੂਆ ਦਾ ਚਾਰਾ ਲੈ ਕੇ ਜਾਣਾ ਸੀ ਪਰ ਇੱਕ ਬਲਦ ਬਿਮਾਰ ਹੋ ਗਿਆ ਹੈ । ਬੀਬੀ ਜੀ ਕਹਿਣ ਲੱਗੇ ਕਿੰਨਾ ਚਾਰਾ ਲੈ ਕੇ ਜਾਣਾ ਹੈ ? ਭਾਈ ਜੀ ਕਹਿਣ ਲੱਗੇ 10 ਕੁਇੱਟਲ , ਤਾਂ ਬੀਬੀ ਜੀ ਨੇ ਬਚਨ ਕੀਤਾ ਕਿ 10 ਹੀ ਲੱਦੀ ਤਾਂ ਲੈ ਜਾਊਗਾਂ । ਫਿਰ ਭਾਈ ਜੀ ਚਾਰਾ ਲੈ ਕੇ ਬਿਹਾਲੇ ਨੂੰ ਚੱਲ ਪਏ ਤੇ ਬੀਬੀ ਜੀ ਦੇ ਬਚਨ ਮੁਤਾਬਕ ਬਲਦ ਬੜੇ ਆਰਾਮ ਨਾਲ ਬਿਹਾਲੇ ਲੈ ਆਇਆ ।

ਪਸ਼ੂਆਂ ਦੀ ਤੰਦਰੁਸਤੀ—>ਤੱਤਕਰਾ

ਭਾਈ ਗੁਰਬਚਨ ਸਿੰਘ ਜੀ ( ਲਿੱਦੜ ) ਜੋ ਬਿਹਾਲਾ ਨਗਰ ਦੇ ਹੀ ਰਹਿਣੇ ਵਾਲੇ ਸਨ । ਉਨ੍ਹਾਂ ਨੇ ਦਾਸ ਨੂੰ ਇੱਕ ਵਾਰ ਦੱਸਿਆ ਸੀ ਕਿ ਉਹ ਅਕਸਰ ਸੰਤਾਂ ਨੂੰ ਮਿਲਣ ਜਾਇਆ ਕਰਦੇ ਸਨ । ਸੰਤ ਜਿਆਦਾਤਰ ਭੋਰੇ ਵਿੱਚ ਹੀ ਰਹਿੰਦੇ ਸਨ । ਜਦੋਂ ਭਾਈ ਜੀ ਨੇ ਜਾ ਕੇ ਅਵਾਜ ਦੇ ਕੇ ਨਮਸਕਾਰ ਕਰਨੀ ਤਾਂ ਸੰਤਾਂ ਨੇ ਅੰਦਰੋਂ ਅਵਾਜ ਪਛਾਣ ਕੇ ਕਹਿਣਾ ਕਿ ਗੁਰਵਚਨ ਸਿਆਂ ਆ ਗਿਆ ਤੂੰ । ਭਾਈ ਜੀ ਨੇ ਕਹਿਣਾ ਇੱਥੇ ਤਾਂ ਅਵਾਜ ਪਛਾਣ ਕੇ ਵਾਜ ਮਾਰ ਲੈਦੇ ਹੋ । ਅੱਗੋ ਦਰਗਾਹ ਵਿੱਚ ਜਾ ਕੇ ਵੀ ਸਾਡੀ ਬਾਂਹ ਫੜੋਗੇ ਕਿ ਨਹੀਂ ? ਤਾਂ ਸੰਤਾਂ ਨੇ ਕਹਿਣਾ ਗੁਰਵਚਨ ਸਿਆਂ ਅੱਗੇ ਜਾ ਕੇ ਵੀ ਤੇਰੀ ਬਾਂਹ ਫੜਾਗੇ , ਬਸ ਤੂੰ ਨਾਮ ਸਿਮਰਨ ਕਰਦਾ ਰਿਹਾ ਕਰ ।
ਭਾਈ ਜੀ ਦੱਸਦੇ ਸਨ ਕਿ ਇੱਕ ਵਾਰ ਪਸ਼ੂਆਂ ਨੂੰ ਬਹੁਤ ਬੜੀ ਬਿਮਾਰੀ ਚਿੰਬੜੀ ਹੋਈ ਸੀ ਦਿਨੋਂ-ਦਿਨ ਬਹੁਤ ਸਾਰੇ ਪਸ਼ੂ ਮਰਦੇ ਜਾ ਰਹੇ ਸਨ । ਸਭ ਨਗਰ ਨਿਵਾਸੀਆਂ ਨੇ ਸੰਤਾਂ ਪਾਸ ਜਾ ਕੇ ਬੇਨਤੀ ਕੀਤੀ ਕਿ ਪਸ਼ੂਆਂ ‘ਤੇ ਬਹੁਤ ਭਾਰੀ ਹੈ , ਬਹੁਤ ਪਸ਼ੂ ਬਿਮਾਰੀ ਨਾਲ ਮਰ ਚੁੱਕੇ ਹਨ ਆਪ ਕਿਰਪਾ ਕਰੋ ਪਸ਼ੂਆਂ ਨੂੰ ਤੰਦਰੁਸਤੀ ਬਖ਼ਸ਼ੋ । ਸੰਤਾਂ ਨੇ ਬਚਨ ਕੀਤਾ ਕਿ ਸੰਗਤ ਜੀ ਅਸੀਂ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਕਰਾਂਗੇ , ਆਪ ਸਭ ਨਗਰ ਨਿਵਾਸੀ ਰਸਤਾਂ-ਵਸਤਾਂ ਦੀ ਸਾਂਝ ਪਾਉ ਅਤੇ ਸੇਵਾ ਕਰੋ । ਅਸੀਂ ਅਕਾਲਪੁਰਖ ਵਾਹਿਗੁਰੂ ਅੱਗੇ ਮਾਲ-ਡੰਗਰ ਦੀ ਸਲਾਮਤੀ ਲਈ ਅਰਦਾਸ ਕਰਾਂਗੇ ।
ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥
ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1206)

ਸੋ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਫਿਰ ਉਸ ਅਕਾਲਪੁਰਖ ਦੀ ਐਸੀ ਮੇਹਰ ਦੀ ਨਦਰ ਹੋਈ ਤੇ ਹੌਲ਼ੀ-ਹੌਲ਼ੀ ਸਾਰੇ ਪਸ਼ੂ ਤੰਦਰੁਸਤ ਹੋ ਗਏ । ਅਕਾਲਪੁਰਖ , ਬ੍ਰਹਮ ਗਿਆਨੀ ਦੀ ਰਸਨਾਂ ਤੇ ਬੈਠ ਕੇ ਆਪ ਬਚਨ ਕਰਵਾਉਂਦੇ ਹਨ ਤਾਂ ਹੀ ਤੇ ਜੋ ਵੀ ਗੁਰੂ ਦੇ ਪਿਆਰੇ ਰਸਨਾਂ ਤੋ ਬਚਨ ਕਰ ਦਿੰਦੇ ਹਨ ਉਹ ਸਦਾ ਹੀ ਸੱਤ ਹੁੰਦੇ ਹਨ । ਜਿਵੇ ਗਰੁਵਾਕ ਹਨ–
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 263)
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1204)

ਕਲਯੁੱਗ ਦੀ ਸਾਖੀ—>ਤੱਤਕਰਾ

ਇੱਕ ਵਾਰ ਬਾਬਾ ਦਲੀਪ ਸਿੰਘ ਜੀ ਬਿਹਾਲੇ ਆਏ ਤਾਂ ਸੰਤ ਬਾਬਾ ਹੀਰਾ ਸਿੰਘ ਜੀ ਅੰਦਰ ਭੋਰੇ ਵਿੱਚ ਹੀ ਸਨ । ਸੰਤ ਬਾਬਾ ਦਲੀਪ ਸਿੰਘ ਜੀ ਦੋਂ ਦਿਨ ਤੱਕ ਬਾਹਰ ਉਡੀਕ ਕਰਦੇ ਰਹੇ । ਬਾਬਾ ਜੀ ਤਿੰਨਾਂ ਦਿਨਾਂ ਬਾਅਦ ਭੋਰੇ ‘ਚੋਂ ਬਾਹਰ ਨਿਕਲੇ । ਜਦੋਂ ਬਾਬਾ ਦਲੀਪ ਸਿੰਘ ਜੀ ਨੂੰ ਬਾਹਰ ਆ ਕੇ ਮਿਲੇ ਤਾਂ ਪੁੱਛਣ ਤੇ ਪਤਾ ਲੱਗਾ ਕਿ ਬਾਬਾ ਦਲੀਪ ਸਿੰਘ ਜੀ , ਆਇਆਂ ਨੂੰ ਤਿੰਨ ਦਿਨ ਹੋ ਗਏ ਹਨ ਤਾਂ ਕਹਿਣ ਲੱਗੇ ਭਾਈ ਜੀ ਤੁਸੀਂ ਚਲੇ ਜਾਣਾ ਸੀ ਸਾਨੂੰ ਤਾਂ ਇੱਕ ਜ਼ਰੂਰੀ ਕੰਮ ਪੈ ਗਿਆ ਸੀ । ਬਾਬਾ ਦਲੀਪ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੁਹਾਡੇ ਦਰਸ਼ਨ ਕਰਨ ਆਇਆ ਸੀ ਅਤੇ ਤੁਹਾਡੇ ਦਰਸ਼ਨਾ ਤੋਂਬਿਨ੍ਹਾਂ ਤੇ ਤੁਹਾਡੀ ਆਗਿਆ ਲਏ ਤਂੋ ਬਿਨ੍ਹਾਂ ਕਿਵੇ ਜਾ ਸਕਦਾ ਸੀ ਪਰ ਤੁਹਾਨੂੰ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਸੀ ? ਸੰਤ ਜੀ ਕਹਿਣ ਲੱਗੇ ਸਮਾਂ ਆਇਆ ਤਾਂ ਦੱਸਾਂਗੇ ।
ਫੇਰ ਬਾਬਾ ਦਲੀਪ ਸਿੰਘ ਜੀ ਡੁਮੇਲੀ ਚਲੇ ਗਏ । ਕੁੱਝ ਸਮਾਂ ਪਾ ਕੇ ਜਦੋਂ ਬਾਬਾ ਦਲੀਪ ਸਿੰਘ ਜੀ ਦੁਬਾਰਾ ਬਿਹਾਲੇ ਆਏ ਤਾਂ ਸੰਤ ਬਾਬਾ ਹੀਰਾ ਸਿੰਘ ਜੀ ਨੂੰ ਉਸ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਦੱਸਿਆ ਕਿ ਉਸ ਦਿਨ ਸਾਡੇ ਕੋਲ ਕਲਯੁੱਗ ਆ ਗਿਆ ਅਤੇ ਕਹਿਣ ਲੱਗਾ ਜਿਹੜੇ ਤੁਸੀਂ ਕੰਮ ਕਰਦੇ ਹੋ , ਮੈਂ ਨਹੀਂ ਹੋਣ ਦੇਣੇ । ਬਾਬਾ ਜੀ ਕਹਿਣ ਲੱਗੇ ਕਿਹੜੇ ਕੰਮ ? ਕਲਯੁੱਗ ਕਹਿਣ ਲੱਗਾ ਤੁਸੀਂ ਲੋਕਾਂ ਨੂੰ ਨਾਮ ਜਪਾਉਦੇ ਹੋ ਤੇ ਉਸ ਵਾਹਿਗੁਰੂ ਨਾਲ ਜੋੜਦੇ ਹੋ , ਮਂੈ ਆਪਣੇ ਰਾਜ ਵਿੱਚ ਕਿਸੇ ਨੂੰ ਨਾਮ ਨਹੀਂ ਜੱਪਣ ਦੇਣਾ । ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਕਿ ਤੇਰੇ ਰਾਜ ਵਿੱਚ ਸੰਤ-ਲੋਕ ਤੇਰੇ ਤੋਂ ਕਿਵੇ ਬਚ ਸਕਦੇ ਹਨ ? ਪਰ ਉਹ ਹੱਠ ਕਰ ਗਿਆ , ਦੱਸੇ ਨਾ । ਬਾਬਾ ਜੀ ਕਹਿਣ ਲੱਗੇ ਕਿ ਫੇਰ ਅਸੀਂ ਮਰੋੜ ਕੇ ਮੋਹਰੇ ਸੁੱਟ ਲਿਆ । ਤਿੰਨ ਦਿਨਾਂ ਬਾਅਦ ਦੱਸਿਆ ਕਿ ਜਿਹੜਾ ਮੇਰੇ ਰਾਜ ਵਿੱਚ ਸਾਰਿਆ ਨਾਲੋਂ ਨੀਵਾ ਹੋ ਕੇ ਚੱਲੇਗਾ । ਉਹ ਸਦਾ ਸੁਖੀ ਰਹੇਗਾ । ਜਿਵੇ ਗੁਰਵਾਕ ਹਨ-

ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥2॥
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥3॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 831)
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥
ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1333)

ਸੋ ਇਹੋ ਜਿਹੇ ਮਹਾਪੁਰਸ਼ ਸੰਤ ਬਾਬਾ ਹੀਰਾ ਸਿੰਘ ਜੀ ਜਿਨ੍ਹਾਂ ਨੇ ਕਲਯੁੱਗ ਨੂੰ ਵੀ ਵੱਸ ਵਿੱਚ ਕਰ ਲਿਆ ਤੇ ਜਿਨ੍ਹਾਂ ਅੱਗੇ ਕਲਯੁੱਗ ਨੂੰ ਵੀ ਨਿਵਣਾ ਪਿਆ ਸੀ । ਫਿਰ ਆਪ ਵੀ ਸਾਰੀ ਉਮਰ ਵਾਹਿਗੁਰੂ ਅੱਗੇ ਨਿਵ ਕੇ ਹੀ ਬਤੀਤ ਕੀਤੀ ਸੀ । ਇਹ ਸਾਰੀ ਵਾਰਤਾ ਬਾਬਾ ਦਲੀਪ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਆਪ ਦੱਸੀ ਸੀ ।

ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥
ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥
ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥
ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥2॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1093)

ਬਿੱਲੀ ਦੀ ਸਾਖੀ—>ਤੱਤਕਰਾ

ਸੰਤ ਬਾਬਾ ਹੀਰਾ ਸਿੰਘ ਜੀ ਦੇ ਘਰਦਿਆਂ ਨੇ ਬਾਬਾ ਜੀ ਦੀ ਉਮਰ ਵਿਆਹ ਦੇ ਯੋਗ ਹੋਣ ‘ਤੇ ਉਨ੍ਹਾਂ ਦਾ ਵਿਆਹ ਸੂਸਾਂ ਵਿਖੇ ਕਰ ਦਿੱਤਾ । ਉਨ੍ਹਾਂ ਦੀ ਗ੍ਰਹਿਸਤ ਜੀਵਨ ਵਿੱਚ ਕੋਈ ਦਿਲਚਸਪੀ ਨਹੀਂ ਸੀ । ਬਾਬਾ ਜੀ ਹਰ ਵੇਲੇ (ਅੱਠੇ ਪਹਿਰ) ਉਸ ਦਾਤਾਰ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ । ਸਮਾਂ ਬੀਤਦਾ ਗਿਆ , ਪਰ ਕੁੱਝ ਸਮੇਂ ਬਾਅਦ ਬਾਬਾ ਜੀ ਨੇ ਬੀਬੀ ਜੀ ਨੂੰ ਕਹਿ ਦਿੱਤਾ ਕਿ ਅਸੀਂ ਹੁਣ ਗ੍ਰਹਿਸਤ ਜੀਵਨ ਵਿੱਚ ਨਹੀਂ ਰਹਿਣਾ ਚਾਹੁੰਦੇ । ਆਪ ਜਾਂ ਤਾਂ ਸਾਡੇ ਵਾਂਗ ਰਹੋ ਨਹੀਂ ਤਾਂ ਆਪ ਕਿਤੇ ਹੋਰ ਵਿਆਹ ਕਰ ਲਉ , ਪਰ ਬੀਬੀ ਜੀ ਬਾਬਾ ਜੀ ਦਾ ਸੰਗ ਅਤੇ ਗ੍ਰਹਿਸਤ ਜੀਵਨ ਨਹੀਂ ਛੱਡਣਾ ਚਾਹੁੰਦੇ ਸਨ । ਉਨ੍ਹਾਂ ਦੀ ਚੰਚਲ ਬੁੱਧੀ ਸੀ ਤੇ ਬਾਬਾ ਜੀ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ । ਬਾਬਾ ਜੀ ਨਾਮ-ਸਿਮਰਨ ਵਿੱਚ ਜੁੜੇ ਰਹਿੰਦੇ । ਕੁੱਝ ਸਮਾਂ ਬੀਤਿਆ ਤਾਂ ਬੀਬੀ ਜੀ ਚੜ੍ਹਾਈ ਕਰ ਗਏ । ਆਪਣੇ ਕਰਮਾਂ ਦੇ ਅਨੁਸਾਰ ਚੁੜੈਲ ਦੀ ਜੂਨੀ ਪੈ ਗਏ ।
ਉਸ ਨੇ ਬਾਬਾ ਜੀ ਦੀ ਬਿਰਤੀ ਵਿੱਚ ਬਹੁਤ ਵਿਘਨ ਪਾਉਣਾ । ਦਰੱਖਤਾਂ ਤੇ ਚੜਕੇ ਚੀਕਾਂ ਮਾਰਨੀਆਂ , ਦਰੱਖਤਾਂ ਨੂੰ ਹਲਾਉਣਾ । ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਭਾਈ ਜੀ ਘਰਦਿਆਂ ਨੇ ਇਨ੍ਹਾਂ ਨੂੰ ਆਪ ਜੀ ਦੇ ਲੜ ਲਾਇਆ ਸੀ । ਆਪ ਜੀ ਇਨ੍ਹਾਂ ਦਾ ਉਧਾਰ ਕਰੋ । ਆਖਿਰ ਬਾਬਾ ਜੀ ਨੇ ਉਸਨੂੰ ਪਰੇਤ ਜੂਨੀ ਤੋ ਬਿੱਲੀ ਦੀ ਜੂਨ ‘ਚ ਪਾ ਦਿੱਤਾ । ਇਹ ਬ੍ਰਹਮ ਗਿਆਨੀ ਦੀਆ ਬਾਤਾਂ ਹਨ । ਜਿਵੇ ਗੁਰਬਾਣੀ ਦਾ ਫੁਰਮਾਨ ਹੈ :-

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 273)
ਉਹ ਬਿੱਲੀ ਹੁਣ ਹਰ ਸਮੇਂ ਸੰਤਾਂ ਦੇ ਪਾਸ ਹੀ ਰਹਿੰਦੀ । ਫਿਰ ਉਸਦੇ ਬੱਚੇ ਹੋ ਗਏ , ਬਾਬਾ ਜੀ ਨੇ ਕਹਿਣਾ ਲੈ ਬੱਚੇ-ਬੱਚੇ ਕਰਦੀ ਸੀ ਹੁਣ ਪਾਲੀ ਜਾ ਬੱਚੇ । ਬਜ਼ੁਰਗ ਦੱਸਦੇ ਸਨ ਕਿ ਉਹ ਬਿੱਲੀ ਬਾਬਾ ਜੀ ਨੂੰ ਪੱਖਾ ਵੀ ਝੱਲਦੀ ਹੁੰਦੀ ਸੀ ਇੱਕ ਪੈਰ ਨਾਲ ਛੱਡ ਦੇਣਾ ਤੇ ਮੂੰਹ ਨਾਲ ਫੜ ਲੈਣਾ ( ਕੱਪੜੇ ਦੀ ਝਾਲਰ ਵਾਲੇ ਦੇਸੀ ਪੱਖੇ ) । ਫਿਰ ਜਦੋ ਬਾਬਾ ਜੀ ਸੱਚਖੰਡ ਚੱਲੇ ਗਏ , ਬਾਬਾ ਜੀ ਦੇ ਬਲਦੇ ਅੰਗੀਠੇ ਵਿੱਚ ਉਸ ਬਿੱਲੀ ਨੇ ਛਾਲ ਮਾਰਕੇ ਮੁਕਤੀ ਪ੍ਰਾਪਤ ਕੀਤੀ । ਸੰਤ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਬਚਨ ਮੁਤਾਬਕ ਇਕੱਠੇ ਇੱਕੋ ਬਿਬਾਣ ਵਿੱਚ ਬੈਕੁੰਠ ਨੂੰ ਗਏ ਸਨ । ਮਹਾਪੁਰਸ਼ਾਂ ਨੇ ਜੀਵ ਦਾ ਆਧਾਰ ਤਾਂ ਕਰਨਾ ਹੀ ਹੁੰਦਾ ਹੈ । ਫਿਰ ਵੀ ਵਿਆਹ ਕੇ ਲਿਆਂਦੀ ਸੀ । ਉਸਦੇ ਜਨਮ-ਮਰਣ ਵੀ ਕਟਵਾ ਦਿੱਤੇ ਤੇ ਮੁਕਤੀ ਵੀ ਕਰਵਾ ਦਿੱਤੀ ।