Dhan Dhan Sant Baba Heera Singh Ji Bihale Wale

ਧੰਨ ਧੰਨ ਸੰਤ ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ

ਪੰਜਾਬ ਦੀ ਧਰਤੀ ਨੂੰ ਇਸ ਦੁਨੀਆਂ ਅੰਦਰ ਵਿਸ਼ੇਸ਼ ਸਥਾਨ ਪ੍ਰਾਪਤ ਹੈ, ਜੇਕਰ ਸੰਤਾਂ ਦੀ ਧਰਤੀ ਦੀ ਗੱਲ ਕਰੀਏ ਤਾਂ ਇਹ ਮਾਣ, ਰੁਤਬਾ ਜਾਂ ਖ਼ਿਤਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਨੂੰ ਹਾਸਿਲ ਹੈ । ਸੰਤ ਬਾਬਾ ਹੀਰਾ ਸਿੰਘ ਜੀ ਵੀ ਉਹਨਾਂ ਸੰਪੂਰਨ ਮਹਾਂਪੁਰਸ਼ਾਂ ਵਿੱਚੋਂ ਇੱਕ ਸਨ ਜਿਨ੍ਹਾਂ ਸਦਕਾ ਅੱਜ ਅਸੀਂ ਹੁਸ਼ਿਆਰਪੁਰ ਦੀ ਧਰਤੀ ਨੂੰ ਸੰਤਾਂ ਦੀ ਧਰਤੀ ਹੋਣ ਦਾ ਸਤਿਕਾਰ ਦਿੰਦੇ ਹਾਂ । ਬਾਬਾ ਜੀ ਦਾ ਜੀਵਨ ਇੱਕ ਅਲੌਕਿਕ ਜੀਵਨ ਸੀ । ਬਾਬਾ ਜੀ ਦਾ ਜਨਮ ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲੇਹਲ ਪਰਿਵਾਰ ਵਿੱਚ ਹੋਇਆ.

ਸੰਤ ਬਾਬਾ ਹੀਰਾ ਸਿੰਘ ਜੀ ਆਪਣੇ ਤਪ ਅਸਥਾਨ ਭੋਰਾ ਸਾਹਿਬ ਵਿਖੇ ( ਜੋ ਕਿ ਉਸ ਸਮੇਂ ਜ਼ਮੀਨ ਵਿੱਚ 5 ਕੁ ਫੁੱਟ ਦਾ ਟੋਇਆ ਪੁੱਟਿਆ ਹੋਇਆ ਸੀ ) ਭਗਤੀ ਕਰਿਆ ਕਰਦੇ । ਆਪ ਹਰ ਸਮੇ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਅਤੇ ਸ਼ਬਦ ਕੀਰਤਨ ਬੜੇ ਪ੍ਰੇਮ ਨਾਲ ਸ੍ਰਵਣ ਕਰਦੇ । ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆ ਦਾ ਆਪ ਜੀ ਨਾਲ ਬਹੁਤ ਪਿਆਰ ਸੀ। ਸੰਤ ਅਕਸਰ ਆਪ ਜੀ ਕੋਲ ਬਿਹਾਲੇ ਆਇਆ ਕਰਦੇ ਸਨ। ਫਿਰ ਆਪ ਜੀ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲੇ,ਸੰਤ ਬਾਬਾ ਦਲੀਪ ਸਿੰਘ ਜੀ ਡੁਮੇਲੀ ਅਤੇ ਦੋ ਹੋਰ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼, ਖੰਡੇ ਬਾਟੇ ਦਾ ਅਮ੍ਰਿਤ ਛਕਾਇਆਂ ਗਿਆ।

ਸੰਤ ਬਾਬਾ ਹੀਰਾ ਸਿੰਘ ਜੀ ਜਿਨ੍ਹਾ ਨੇ ਸਾਰੀ ਆਯੂ ਭੋਰੇ ਵਿਚ ਸਿਮਰਨ ਕਰਦਿਆ ਹੀ ਬਿਤਾਏ । ਸਾਰੀ ਆਯੂ ਆਪਣੀ ਗਰਦਨ (ਧੌਣ) ਨੂੰ ਉਪਰ ਨਹੀ ਚੁਕਿਆ, ਸੰਤਾਂ ਦੀ ਗਰਦਨ ਉਥੇ ਹੀ ਜਾਮ ਹੋ ਗਈ ਸੀ । ਪ੍ਰਮੇਸ਼ਰ ਵਾਹਿਗੁਰੂ ਜੀ ਨੂੰ ਇਨਾ ਨਜਦੀਕ ਤੇ ਹਰ ਸਮੇ ਪ੍ਰਤੱਖ ਸਮਝਦੇ ਸਨ ਕਿ ਆਪਣਾ ਸੀਸ ਸਦਾ ਨਿਵਾਈ ਰੱਖਦੇ ।

ਉਸ ਸਮੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸੰਗਤ ਨਾਲ ਬਚਨ ਕਰਿਆ ਕਰਦੇ ਸਨ ਕਿ ਸੰਤ ਹੀਰਾ ਸਿੰਘ ਜੀ ਨੇ ਐਸੀ ਇਕਾਗਰਤਾ ਨਾਲ ਉਸ ਕਰਤਾ-ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕੀਤਾ ਹੈ ਕਿ ਦੋ ਦੋ ਮੀਲ ਦੇ ਏਰੀਏ ਤੱਕ ਸ਼ਾਤੀ ਨਾਲ ਸਰੀਰ ਸੁੰਨ ਹੋਣ ਲੱਗ ਪੈਦਾ ਸੀ । ਤੇ ਇਹ ਵੀ ਬਚਨ ਕਰਦੇ ਸਨ ਕਿ ਸੰਤ ਬਾਬਾ ਹੀਰਾ ਸਿੰਘ ਜੀ ਉਸ ਸਰਵ ਸ਼ਕਤੀਮਾਨ ਨਾਲ ਇਤਨੀ ਅਭੇਦਤਾ ਅਤੇ ਇਕਮਿਕਤਾ ਹੋ ਗਈ ਸੀ ਕਿ ਉਨ੍ਹਾ ਦੀ ਉੱਚ ਆਤਮਿਕ ਅਵਸਥਾ ਨੂੰ ਸੌਖੇ ਸ਼ਬਦਾਂ ਵਿਚ ਸਮਝ ਲਵੋ ਕਿ ਪਹਿਲਾਂ ਬਾਬਾ ਬਕਾਲੇ ਸੀ, ਹੁਣ ਬਾਬਾ ਬਿਹਾਲੇ ਹੈ । ਭਾਵ ਇਹ ਹੈ ਕਿ ਬਕਾਲੇ ਸ਼ਹਿਰ ਵਿਚ ਭਾਰੀ ਤੱਪਸਿਆ ਕਰਨ ਵਾਲੇ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਆਪਣੇ ਸੰਤ ਸਰੂਪ ਵਿਚ ਬਿਹਾਲੇ ਆ ਕੇ ਕਠਿਨ ਤੱਪਸਿਆ ਸਾਧ ਰਹੇ ਹਨ ।

ਸੰਨ 1917 ਜਦੋ ਜੈਤੋ ਦਾ ਮੋਰਚਾ ਲੱਗਿਆ ਤਾ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲਿਆ ਦੀ ਅਗਵਾਈ ਵਿੱਚ ਇੱਕ ਜੱਥਾ ਇਲਾਕਾ ਨਿਵਾਸੀਆ ਦਾ ਮੋਰਚੇ ਵਾਸਤੇ ਜਾ ਰਿਹਾ ਸੀ। ਉਨ੍ਹਾ ਨੇ ਸੰਤ ਬਾਬਾ ਹੀਰਾ ਸਿੰਘ ਜੀ ਨੂੰ ਨਾਲ ਚੱਲਣ ਲਈ ਕਿਹਾ। ਸੰਤਾਂ ਨੇ ਕਿਹਾ ਆਪ ਮੋਰਚੇ ਵਾਸਤੇ ਜਾਉ। ਮੈ ਇੱਥੇ ਤਪ ਅਸਥਾਨ ਤੇ ਆਪਦੀ ਚੜਦੀ ਕਲਾਂ ਵਾਸਤੇ ਅਖੰਡ ਪਾਠ ਰੱਖਾਗਾ। ਮੋਰਚੇ ਵਿੱਚ ਸਿੱਖਾ ਦੀ ਜਿੱਤ ਹੋਈ ਅਤੇ ਵਾਪਸੀ ਤੇ ਵੀ ਜਥਾ ਬਿਹਾਲੇ ਰਾਹੀ ਹੋ ਕੇ ਗਿਆ। ਪਿੰਡ ਨਿਵਾਸੀਆ ਵਲੋ ਜੱਥੇ ਦਾ ਬੜੇ ਪਿਆਰ ਸਹਿਤ ਸਤਿਕਾਰ ਕੀਤਾ ਗਿਆ। ਉਦੋ ਤੋ ਹੀ ਸੰਤ ਬਾਬਾ ਹੀਰਾ ਸਿੰਘ ਜੀ ਨੇ ਇੱਕ ਮਰਿਯਾਦਾ ਬੰਨ ਦਿੱਤੀ ਕਿ ਹਰ ਸੰਗਰਾਂਦ ਨੂੰ ਇਸ ਅਸਥਾਨ ਤੇ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ। ਜਦੋ ਤੱਕ ਸੰਤ ਮਹਾਪੁਰਸ਼ ਇਸ ਪੰਜ ਭੂਤਕ ਸਰੀਰ ਵਿੱਚ ਰਹੇ। ਉਨ੍ਹਾ ਦੀ ਦੇਖ ਰੇਖ ਵਿੱਚ ਇਸ ਅਸਥਾਨ ਤੇ ਅਖੰਡ ਪਾਠ ਸਾਹਿਬ ਹੁੰਦਾ ਰਿਹਾ। ਉਨ੍ਹਾ ਤੋ ਬਾਅਦ ਵਿੱਚ ਨਗਰ ਨਿਵਾਸੀਆ ਵੱਲੋ ਲਗਾਤਾਰ ਅਖੰਡ ਪਾਂਠ ਸਾਹਿਬ ਜਾਰੀ ਹਨ।

ਸੰਤ ਬਾਬਾ ਹੀਰਾ ਸਿੰਘ ਜੀ ਆਖਦੇ ਹੁੰਦੇ ਸਨ ਕਿ ਜਿਨ੍ਹਾ ਘਰਾਂ ਵਿੱਚੋ ਰਸਦਾਂ ਆਉਦੀਆ ਹਨ, ਉਨ੍ਹਾਂ ਦੀ ਕਿਰਤ ਕਮਾਈ ਵਿੱਚ ਵਰਕਤਾਂ ਪੈਦੀਆ ਹਨ। ਜੋ ਹੱਥਾ ਨਾਲ ਸੇਵਾਂ ਕਰਦੇ ਹਨ ਉਨ੍ਹਾਂ ਦੇ ਹੱਥ ਸਫਲ। ਜੋ ਪੈਰ ਚੱਲਕੇ ਗੁਰੂ ਘਰਾਂ ਨੂੰ ਆਉਦੇ ਹਨ ਉਹ ਪੈਰ ਸਫਲ ਹਨ ਅਤੇ ਜੋ ਸੰਗਤ ਵਿੱਚ ਬੈਠ ਕੇ ਪਾਠ ਸੁਣਦਾ ਹੈ ਉਸਦਾ ਪਾਰ ਉਤਾਰਾ ਹੋ ਜਾਦਾ ਹੈ।